ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕਰਜ਼ੇ ਤੋਂ ਦੁਖੀ ਹੋ ਕੇ ਬਠਿੰਡਾ ਜ਼ਿਲ੍ਹੇ ਦੇ ਦੋ ਕਿਸਾਨਾਂ ਨੇ ਆਤਮਹੱਤਿਆ ਕਰ ਲਈ। ਦੋਵੇਂ ਜਣੇ ਛੋਟੀ ਕਿਸਾਨੀ ਨਾਲ ਸਬੰਧ ਰੱਖਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਭਗਵਾਨਗੜ੍ਹ ਦੇ 37 ਸਾਲਾ ਕਿਸਾਨ ਰਣਜੀਤ ਸਿੰਘ ਨੇ ਆੜ੍ਹਤੀ ਦਾ ਕਰੀਬ ਸਾਢੇ ਤਿੰਨ ਲੱਖ ਰੁਪਏ ਕਰਜ਼ਾ ਦੇਣਾ ਸੀ। ਕਰਜ਼ਾ ਨਾ ਮੋੜਨ ਕਾਰਨ ਆੜ੍ਹਤੀ ਨੇ ਉਸ ’ਤੇ ਅਦਾਲਤ ਵਿਚ ਕੇਸ ਕਰ ਰੱਖਿਆ ਸੀ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਰਸ਼ਨ ਸਿੰਘ ਨੇ ਦੱਸਿਆ ਕਿ ਆੜ੍ਹਤੀਆਂ ਵੱਲੋਂ ਕੀਤੇ ਗਏ ਕੇਸ ਦੀ ਅਦਾਲਤੀ ਤਰੀਕ 11ਦਸੰਬਰ ਸੀ ਜਿਸ ਤੋਂ ਘਬਰਾਹਟ ਵਿਚ ਆ ਕੇ ਰਣਜੀਤ ਸਿੰਘ ਨੇ ਆਤਮ ਹੱਤਿਆ ਕਰ ਲਈ। ਮ੍ਰਿਤਕ ਕੋਲ ਛੇ ਏਕੜ ਜ਼ਮੀਨ ਹੈ ਪਰ ਗੁਲਾਬੀ ਸੁੰਡੀ ਕਾਰਨ ਉਸ ਦੀ ਨਰਮੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ।

ਇਸ ਤਰ੍ਹਾਂ ਹੀ ਜ਼ਿਲ੍ਹੇ ਦੇ ਪਿੰਡ ਬਹਿਮਣ ਜੱਸਾ ਸਿੰਘ ਦੇ ਨੌਜਵਾਨ ਕਿਸਾਨ ਜਸਲੀਨ ਸਿੰਘ ਗੱਗੂ (23 ਸਾਲ) ਪੁੱਤਰ ਲੀਲਾ ਸਿੰਘ ਨੇ ਫਾਹਾ ਲੈ ਲਿਆ। ਮ੍ਰਿਤਕ ਕਿਸਾਨ ਦੇ ਪਰਿਵਾਰ ਕੋਲ ਬਹੁਤ ਘੱਟ ਜ਼ਮੀਨ ਸੀ ਜਿਸ ਕਾਰਨ ਉਸ ਨੇ ਕਰਜ਼ੇ ’ਤੇ ਟਰੈਕਟਰ ਲੈ ਕੇ ਕੰਮ ਸ਼ੁਰੂ ਕੀਤਾ ਹੋਇਆ ਸੀ ਪਰ ਕੋਰੋਨਾ ਦੌਰਾਨ ਕਾਰੋਬਾਰ ਬੰਦ ਹੋਣ ਕਾਰਨ ਟਰੈਕਟਰ ਦੀਆਂ ਕਿਸ਼ਤਾਂ ਟੁੱਟ ਗਈਆਂ ਅਤੇ ਉਹ ਕਰਜ਼ਾ ਨਹੀਂ ਭਰ ਸਕਿਆ। ਮ੍ਰਿਤਕ ਕਿਸਾਨ ਸਿਰ ਛੇ ਲੱਖ ਰੁਪਏ ਦਾ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿਚ 174 ਸੀਆਰਪੀਸੀ ਦੀ ਕਾਰਵਾਈ ਕਰਦਿਆਂ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਤਰੁੰਤ ਦਸ ਲੱਖ ਰੁਪਏ ਮੁਆਵਜ਼ਾ, ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਮਾਫ ਕੀਤਾ ਜਾਵੇ।

Posted By: Jagjit Singh