ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕਰਜ਼ੇ ਤੇ ਮਾਨਸਿਕ ਪਰੇਸ਼ਾਨੀ ਕਾਰਨ ਜ਼ਿਲ੍ਹੇ ਦੇ ਦੋ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ। ਖ਼ੁਦਕਸ਼ੀ ਕਰਨ ਵਾਲੇ ਪਿੰਡ ਮੱਲਵਾਲਾ ਦੇ ਕਿਸਾਨ ਸਿਰ ਅੱਠ ਲੱਖ ਰੁਪਏ ਦਾ ਕਰਜ਼ਾ ਦੱਸਿਆ ਜਾਂਦਾ ਹੈ, ਜਦੋਂ ਕਿ ਪਿੰਡ ਸਿਵੀਆਂ ਦੇ ਕਿਸਾਨ ਨੇ ਮਾਨਸਿਕ ਪਰੇਸ਼ਾਨੀ ਕਾਰਨ ਫਾਹਾ ਲੈ ਲਿਆ। ਜਾਣਕਾਰੀ ਅਨੁਸਾਰ ਬਲਜੀਤ ਸਿੰਘ (35) ਪੁੱਤਰ ਗੁਰਦੀਪ ਸਿੰਘ ਇਕ ਏਕੜ ਜੱਦੀ ਜ਼ਮੀਨ 'ਚ ਖੇਤੀ ਕਰਦਾ ਸੀ। ਉਸ ਸਿਰ ਸਰਕਾਰੀ ਤੇ ਗੈਰ ਸਰਕਾਰੀ ਅੱਠ ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ। ਕਰਜ਼ਾ ਉਤਾਰਨ ਲਈ ਉਸ ਨੇ ਹੱਡ ਭੰਨਵੀਂ ਮਿਹਨਤ ਕੀਤੀ ਪਰ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਗਈ। ਆਖਿਰ ਬਲਜੀਤ ਸਿੰਘ ਨੇ 25 ਜਨਵਰੀ ਨੂੰ ਕੋਈ ਜ਼ਹਿਰੀਲੀ ਵਸਤੂ ਖਾ ਲਈ, ਜਿਸ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਅੱਜ ਉਸ ਦੀ ਮੌਤ ਹੋ ਗਈ। ਥਾਣਾ ਸੰਗਤ ਦੇ ਸਬ-ਇੰਸਪੈਕਟਰ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਮਿ੍ਤਕ ਕਿਸਾਨ ਦੇ ਭਰਾ ਗੁਰਸੇਵਕ ਸਿੰਘ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਇਸ ਤਰ੍ਹਾਂ ਹੀ ਜ਼ਿਲ੍ਹੇ ਦੇ ਪਿੰਡ ਸਿਵੀਆਂ ਦੇ ਕਿਸਾਨ ਅੰਗਰੇਜ਼ ਸਿੰਘ (35) ਪੁੱਤਰ ਨਾਜਰ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਿ੍ਤਕ ਦੀ ਪਤਨੀ ਪਿੰਡ ਸਿਵੀਆਂ ਦੀ ਪੰਚਾਇਤ ਮੈਂਬਰ ਹੈ ਪਰ ਘਰ ਦੇ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ ਹਨ। ਇਸ ਗੱਲ ਤੋਂ ਕਿਸਾਨ ਅੰਗਰੇਜ਼ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਸੀ, ਜਿਸ ਨੇ ਅੱਜ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।