ਦੀਪਕ ਸ਼ਰਮਾ, ਬਠਿੰਡਾ : ਥਾਣਾ ਰਾਮਾਂ ਅਧੀਨ ਪੈਂਦੇ ਪਿੰਡ ਚੱਕ ਹੀਰਾ ਸਿੰਘ ਵਾਲਾ ਦੇ ਨੌਜਵਾਨ ਕਿਸਾਨ ਦੀ ਭੁਲੇਖੇ ਨਾਲ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋਣ ਹੋ ਗਈ। ਜ਼ਿਕਰਯੋਗ ਹੈ ਕਿ ਉਕਤ ਕਿਸਾਨ ਬਲੱਡ ਪ੍ਰਰੈਸ਼ਰ ਦੀ ਬਿਮਾਰੀ ਦਾ ਮਰੀਜ਼ ਸੀ, ਜਿਸ ਕਾਰਨ ਉਸ ਨੇ ਬਲੱਡ ਪ੍ਰਰੈਸ਼ਰ ਦੀ ਦਵਾਈ ਦੇ ਭੁਲੇਖੇ ਜ਼ਹਿਰੀਲੀ ਦਵਾਈ ਪੀ ਲਈ, ਜਿਹੜੀ ਉਸ ਦੀ ਮੌਤ ਦਾ ਕਾਰਨ ਬਣੀ। ਮਿ੍ਤਕ ਦੀ ਪਛਾਣ ਬਲਵਿੰਦਰ ਸਿੰਘ (25) ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਰਾਮਾਂ ਰਿਫ਼ਾਇਨਰੀ ਪੁਲਿਸ ਚੌਂਕੀ ਦੇ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਲੜਕਾ ਬਲੱਡ ਪ੍ਰਰੈੱਸ਼ਰ ਦੀ ਬਿਮਾਰੀ ਲਈ ਦੇਸੀ ਦਵਾਈ ਦੀ ਵਰਤੋਂ ਕਰਦਾ ਸੀ।

26 ਮਈ ਨੂੰ ਉਸ ਨੇ ਦਵਾਈ ਦੇ ਭੁਲੇਖੇ ਕੱਖਾਂ 'ਤੇ ਕਰਨ ਵਾਲੀ ਸਪਰੇਅ ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਦਰਸ਼ਨ ਸਿੰਘ ਦੇ ਦੱਸਣ ਅਨੁਸਾਰ ਬਲਵਿੰਦਰ ਸਿੰਘ ਨੂੰ ਗੰਭੀਰ ਹਾਲਤ ਵਿਚ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ 9 ਦਿਨ ਤਕ ਜ਼ਿੰਦਗੀ ਮੌਤ ਦੀ ਲੜਾਈ ਲੜਨ ਤੋਂ ਬਾਅਦ ਬੁੱਧਵਾਰ ਨੂੰ ਉਸ ਨੇ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਏਐੱਸਆਈ ਸੁਖਦੇਵ ਸਿੰਘ ਨੇ ਦਰਸ਼ਨ ਸਿੰਘ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਹੋਇਆਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।