ਜਾਗਰਣ ਸੰਵਾਦਦਾਤਾ, ਬਠਿੰਡਾ : ਪਿੰਡ ਭੂੰਦੜ ਵਿਖੇ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮਾਮਲੇ ਵਿੱਚ ਰਿਸ਼ਤੇਦਾਰਾਂ ਨੇ ਨੌਜਵਾਨ ਦੀ ਮੌਤ ਲਈ ਉਸਦੇ ਜਾਣਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੀ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਨਾਮਜ਼ਦ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਮੁਲਜ਼ਮ ਨੌਜਵਾਨ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਭੂੰਦੜ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਥਾਣਾ ਬਾਲਿਆਂਵਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ 4 ਫਰਵਰੀ ਨੂੰ ਉਸ ਦਾ ਲੜਕਾ ਲਵਪ੍ਰੀਤ ਸਿੰਘ ਮੁਲਜ਼ਮ ਸੁਖਪ੍ਰੀਤ ਸਿੰਘ ਨਾਲ ਮਿਲ ਕੇ ਉਸ ਨੂੰ ਕਿਸੇ ਜ਼ਰੂਰੀ ਕੰਮ ਲਈ ਜਾਣ ਦਾ ਕਹਿ ਕੇ ਘਰੋਂ ਲੈ ਗਿਆ। ਇਸ ਤੋਂ ਬਾਅਦ ਉਸ ਦੇ ਲੜਕੇ ਲਵਪ੍ਰੀਤ ਦੀ ਲਾਸ਼ ਪਿੰਡ ਢੱਡੇ ਨੇੜੇ ਵਹਿੰਦੇ ਰਜਵਾਹੇ ਤੋਂ ਬਰਾਮਦ ਹੋਈ। ਜਾਂਚ ਦੌਰਾਨ ਮ੍ਰਿਤਕ ਦੇ ਸੱਜੇ ਹੱਥ 'ਤੇ ਟੀਕੇ ਦਾ ਨਿਸ਼ਾਨ ਸੀ। ਇਸ ਵਿਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਖਿਲਾਫ ਕਤਲ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

Posted By: Seema Anand