ਗੁਰਤੇਜ ਸਿੰਘ ਸਿੱਧੂ, ਬਠਿੰਡਾ

ਬਠਿੰਡਾ ਵਾਸੀਆਂ ਦੀ ਸਿਹਤ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਹਰ ਯਤਨ ਕੀਤੇ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਬੀਸ਼੍ਰੀਨਿਵਾਸਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੇਸ਼ ਕੀਤੀ ਗਈ ਅੱਜ ਦੀ ਰਿਪੋਰਟ ਮੁਤਾਬਿਕ ਵੱਖ-ਵੱਖ ਪ੍ਰਰਾਈਵੇਟ ਅਤੇ ਸਰਕਾਰੀ ਹਸਪਤਾਲਾਂ 'ਚ ਪਿੰਡ ਹਰਰਾਏਪੁਰ ਦੇ 6 ਮਰੀਜ਼ ਪੀਲੀਏ ਦੇ ਉਪਚਾਰ ਲਈ ਜ਼ੇਰੇ ਇਲਾਜ ਹਨ। ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਇਹ 6 ਮਰੀਜ਼ਾਂ ਦੀ ਸਿਹਤਯਾਫ਼ਤਾ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਵੀ ਹਸਪਤਾਲ ਵਿਚੋਂ ਜਲਦ ਛੁੱਟੀ ਮਿਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਹਰਰਾਏਪੁਰ ਵਿਖੇ ਪੀਲੀਏ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਜੰਗੀ ਪੱਧਰ 'ਤੇ ਸਫਾਈ ਅਭਿਆਨ ਤਹਿਤ ਸੋਮਵਾਰ ਨੂੰ ਹਰ ਤਰ੍ਹਾਂ ਦੇ ਖੜੇ੍ਹ ਪਾਣੀ ਦੀ ਨਿਕਾਸੀ ਦਾ ਮੁਕੰਮਲ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਪਿੰਡ 'ਚ ਖਰਾਬ ਪਿਆ ਆਰਓ ਵੀ ਬਹੁਤ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਪਿੰਡ ਦੇ ਸਰਪੰਚ ਜਗਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਵੱਲੋਂ ਵੱਖ-ਵੱਖ ਤਰੀਕੇ ਨਾਲ ਹਰ ਸੰਭਵ ਸਹਾਇਤਾ ਮੁਹੱਇਆ ਕਰਵਾਈ ਜਾ ਰਹੀ ਹੈ ਅਤੇ ਸੋਮਵਾਰ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰਰੀਤ ਥਿੰਦ ਵੱਲੋਂ ਪਿੰਡ ਦਾ ਦੌਰਾ ਕਰਕੇ ਵੱਡੇ ਛੱਪੜ ਵਿੱਚੋਂ ਪਾਣੀ ਦੀ ਮੁਕੰਮਲ ਨਿਕਾਸੀ ਦਾ ਕੰਮ ਆਰੰਭਿਆ ਗਿਆ ਹੈ ਜਿਸ ਉਪਰੰਤ ਗਲੀਆਂ ਅਤੇ ਨਾਲੀਆਂ ਵਿੱਚੋਂ ਖੜੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਉਪਰੰਤ ਪਿੰਡ ਦੇ ਆਰਓ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਹੀ ਮੁੜ ਤੋਂ ਚਾਲੂ ਕਰਵਾ ਲਿਆ ਜਾਵੇਗਾ ਤਾਂ ਜੋ ਪੀਣ ਯੋਗ ਸਾਫ਼ ਪਾਣੀ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਇਆ ਜਾ ਸਕੇ।