ਗੁਰਤੇਜ ਸਿੰਘ ਸਿੱਧੂ, ਬਠਿੰਡਾ : ਬਠਿੰਡਾ ਪ੍ਰੈੱਸ ਕਲੱਬ ਅੱਗੇ ਧਮਕੀ ਭਰਿਆ ਪੱਤਰ ਪੰਜਾਬ ਪੁਲਿਸ ਦੇ ਇਕ ਸਬ-ਇੰਸਪਕੈਟਰ ਵੱਲੋਂ ਨਾਭਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਦੀ ਤਰੱਕੀ ਰੋਕਣ ਲਈ ਸੁੱਟਿਆ ਗਿਆ ਸੀ। ਇਸ ਪੱਤਰ ਨੇ ਪੰਜਾਬ ਪੁਲਿਸ ਦੀ ਨੀਂਦ ਉਡਾ ਦਿੱਤੀ ਸੀ। ਪੱਤਰ 'ਚ ਨਾਭਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਉੱਪਰ ਕਈ ਕਿਸਮ ਦੇ ਇਲਜ਼ਾਮ ਲਾਏ ਗਏ ਸਨ, ਉੱਥੇ ਹੀ ਜੇਲ੍ਹ 'ਚ ਬੰਦ ਅੱਤਵਾਦੀਆਂ ਵੱਲੋਂ ਸੁਰੰਗ ਪੁੱਟਣ ਤੇ ਕੂਕਰ ਬੰਬ ਬਣਾਏ ਜਾਣ ਦਾ ਜ਼ਿਕਰ ਕੀਤਾ ਗਿਆ ਸੀ।

25 ਸਤੰਬਰ ਨੂੰ ਸੁੱਟੇ ਗਏ ਪੱਤਰ 'ਚ ਲਿਖਿਆ ਸੀ ਕਿ ਅੱਤਵਾਦੀ ਸੁਰੰਗ ਰਾਹੀਂ ਨਾਭਾ ਜੇਲ੍ਹ 'ਚ ਹਥਿਆਰ ਲਿਆ ਕੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਹਨ। ਉਕਤ ਪੱਤਰ ਮਿਲਣ ਤੋਂ ਬਾਅਦ ਜਿੱਥੇ ਨਾਭਾ ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ, ਉੱਥੇ ਹੀ ਪੰਜਾਬ ਪੁਲਿਸ ਤੇ ਖੁਫ਼ੀਆਂ ਏਜੰਸੀਆਂ ਚੌਕਸ ਹੋ ਗਈਆਂ ਸਨ। ਪੁਲਿਸ ਨੇ ਦੂਸਰੇ ਦਿਨ ਹੀ ਜੇਲ੍ਹ ਦੀ ਬਾਰੀਕੀ ਨਾਲ ਤਲਾਸ਼ੀ ਲਈ ਪਰ ਉੱਥੇ ਅਜਿਹਾ ਕੁਝ ਵੀ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਦਾ ਇਹ ਸ਼ੱਕ ਪੱਕਾ ਹੋ ਗਿਆ ਕਿ ਇਹ ਕਿਸੇ ਨੇ ਸ਼ਰਾਰਤ ਕੀਤੀ ਸੀ।

ਪੱਤਰ ਸੁੱੱਟਣ ਸਮੇਂ ਸਾਰੀ ਘਟਨਾ ਬਠਿੰਡਾ ਪ੍ਰੈੱਸ ਕਲੱਬ ਤੇ ਇਸ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਸੀ। ਪੁਲਿਸ ਨੇ ਫੁਟੇਜ ਦੇ ਅਧਾਰ 'ਤੇ ਪੱਤਰ ਸੁੱਟਣ ਵਾਲੇ ਵਿਅਕਤੀ ਦਾ ਪਤਾ ਲਗਾ ਲਿਆ ਕਿ ਪੱਤਰ ਸੁੱਟਣ ਵਾਲਾ ਕੋਈ ਹੋਰ ਨਹੀਂ ਸਗੋਂ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਜਸਵੀਰ ਸਿੰਘ ਹੈ ਜੋ ਨਾਭਾ ਜੇਲ੍ਹ 'ਚ ਤਾਇਨਾਤ ਹੈ। ਨਾਭਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਤੇ ਸਬ ਇੰਸਪੈਕਟਰ ਦੀ ਆਪਸ 'ਚ ਬਣਦੀ ਨਹੀਂ ਸੀ ਜਿਸ ਕਾਰਨ ਜਸਵੀਰ ਸਿੰਘ ਨੇ ਅਜਿਹਾ ਧਮਕੀ ਭਰਿਆ ਪੱਤਰ ਸੁੱਟਿਆ ਸੀ। ਨਾਭਾ ਜੇਲ ਸਬੰਧੀ ਪੱਤਰ ਬਠਿੰਡਾ ਵਿਚ ਸੁੱਟੇ ਜਾਣ ਬਾਅਦ ਜੇਲ੍ਹ ਅਧਿਕਾਰੀਆਂ ਦਾ ਸ਼ੱਕ ਪਹਿਲਾਂ ਸਬ ਇੰਸਪੈਕਟਰ ਜਸਵੀਰ ਸਿੰਘ ਉੱਪਰ ਗਿਆ ਸੀ।

ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਠਿੰਡਾ ਦਾ ਰਹਿਣ ਵਾਲਾ ਸਬ ਇੰਸਪੈਕਟਰ ਜਸਵੀਰ ਸਿੰਘ ਨਾਭਾ ਜੇਲ੍ਹ 'ਚ ਤਾਇਨਾਤ ਹੈ ਜਿਸ ਦੀ ਉੱਥੋਂ ਦੇ ਸੁਪਰਡੈਂਟ ਨਾਲ ਲਾਗਡਾਟ ਹੈ। ਜ਼ਿਕਰਯੋਗ ਹੈ ਕਿ ਉਕਤ ਧਮਕੀ ਪੱਤਰ ਸੁੱਟਣ ਦੀ ਖਬਰ ਨੂੰ ਸਿਰਫ਼ 'ਪੰਜਾਬੀ ਜਾਗਰਣ' ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ।

Posted By: Seema Anand