ਜਤਿੰਦਰਜੀਤ ਸੰਧੂ, ਰਾਮਪੁਰਾ ਫੂਲ : ਸਥਾਨਕ ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹ ਮਾਰਗ 'ਤੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਇਕ ਵਿਅਕਤੀ ਦੀ ਸ਼ੱਕੀ ਹਾਲਤ 'ਚ ਲਾਸ਼ ਬਰਾਮਦ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਪੜਤਾਲ ਕਰਨ 'ਤੇ ਮਿ੍ਤਕ ਦੀ ਪਛਾਣ ਸਥਾਨਕ ਗੁਰੂ ਨਾਨਕਪੁਰਾ ਮੁਹੱਲਾ ਵਾਸੀ ਸੁਰਿੰਦਰ ਕੁਮਾਰ ਉਰਫ ਕਾਕਾ ਵਜੋਂ ਹੋਈ। ਤਫਤੀਸ਼ੀ ਅਫ਼ਸਰ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਕਿਰਨਦੀਪ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਕਰੀਬ 16 ਸਾਲ ਪਹਿਲਾਂ ਉਸ ਦਾ ਵਿਆਹ ਸੁਰਿੰਦਰ ਕੁਮਾਰ ਨਾਲ ਹੋਈ ਸੀ। ਉਸ ਦੇ ਘਰਵਾਲਾ ਪਹਿਲਾਂ ਚਾਹ ਦੀ ਰੇਹੜੀ ਲਗਾਉਂਦਾ ਸੀ ਪਰ ਪਿਛਲੇ ਤਕਰੀਬਨ 1 ਸਾਲ ਤੋਂ ਉਹ ਵਿਹਲਾ ਰਹਿੰਦਾ ਸੀ ਤੇ ਸ਼ਰਾਬ ਪੀਣ ਦਾ ਆਦੀ ਸੀ। ਜੋ ਬੀਤੀ ਸ਼ਾਮ ਨੂੰ ਉਸ ਤੋਂ ਪੈਸੇ ਲੈ ਗਿਆ ਸੀ ਪਰ ਰਾਤ ਸਮੇਂ ਘਰ ਨਹੀਂ ਆਇਆ। ਸਵੇਰੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਘਰਵਾਲੇ ਦੀ ਮੌਤ ਹੋ ਗਈ ਹੈ। ਥਾਣਾ ਸਿਟੀ ਪੁਲਿਸ ਵੱਲੋ ਮਿ੍ਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਮਿ੍ਤਕ ਦਾ ਸਥਾਨਕ ਸਿਵਲ ਹਸਪਤਾਲ 'ਚ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।