ਗਗਨਦੀਪ ਸਿੰਘ, ਗੋਨਿਆਣਾ : ਦਿਨ ਦਿਹਾੜੇ ਸੋਮਵਾਰ ਨੂੰ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿਚੋਂ ਇਕ ਕਾਰ ਸਵਾਰ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਕ ਵਿਅਕਤੀ ਤੋਂ 30 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਿਆ। ਜਸਕਰਨ ਸਿੰਘ ਪੁੱਤਰ ਨਛੱਤਰ ਸਿੰਘ (62) ਵਾਸੀ ਪਿੰਡ ਗੋਨਿਆਣਾ ਕਲ੍ਹਾਂ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਸ਼ਾਮ ਨੂੰ ਸਟੇਟ ਬੈਂਕ ਆਫ ਇੰਡੀਆ ਬਰਾਂਚ ਨੇਹੀਆ ਵਾਲਾ ਨੇੜੇ ਸ਼੍ਰੀ ਦੁਰਗਾ ਮੰਦਰ ਗੋਨਿਆਣਾ ਮੰਡੀ ਵਿਚੋਂ ਆਪਣੇ ਬੈਂਕ ਖਾਤੇ ਵਿਚੋਂ 30 ਹਜ਼ਾਰ ਰੁਪਏ ਕੱਢਵਾ ਲੈ ਕੇ ਜਾ ਰਿਹਾ ਸੀ। ਉਹ ਪਿਸ਼ਾਬ ਕਰਨ ਲਈ ਵੱਡੀ ਅਨਾਜ ਮੰਡੀ ਵਿਚ ਗਿਆ। ਇਕ ਵਿਅਕਤੀ ਆਇਆ ਜੋ ਕਿ ਕਾਰ 'ਤੇ ਸਵਾਰ ਸੀ ਨੇ ਉਸ ਨੂੰ ਕਿਹਾ ਉਹ ਪੁਲਿਸ ਮੁਲਾਜ਼ਮ ਹੈ ਤੇਰੇ ਝੋਲੇ ਦੀ ਤਲਾਸ਼ੀ ਲੈਣੀ ਹੈ। ਉਸ ਨੇ ਜਵਾਬ ਵਿਚ ਕਿਹਾ ਕਿ ਉਹਂ ਬੈਂਕ ਵਿਚੋਂ ਹੁਣੇ 30 ਹਜ਼ਾਰ ਰੁਪਏ ਕੱਢਾ ਕੇ ਲੈ ਕੇ ਆਇਆ ਹੈ ਤੇ ਉਹ ਵਿਅਕਤੀ ਉਸ ਦਾ ਥੈਲਾ ਲੈ ਕੇ ਜੈਤੋਂ ਰੋਡ ਵੱਲ ਨੂੰ ਫਰਾਰ ਹੋ ਗਿਆ। ਜਿਸ ਵਿਚ 30 ਹਜ਼ਾਰ ਰੁਪਏ, ਬੈਂਕ ਦੀ ਪਾਸ ਬੁੱਕ ਤੇ ਮੇਰਾ ਹੋਰ ਸਮਾਨ ਸੀ। ਪੀੜਤ ਵਿਅਕਤੀ ਨੇ ਪੁਲਿਸ ਚੌਕੀ ਗੋਨਿਆਣਾ ਦੇ ਇੰਚਾਰਜ ਬਲਵਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ, ਪੁਲਿਸ ਨੇ ਪੀੜਤ ਵਿਅਕਤੀ ਨੂੰ ਨਾਲ ਲੈ ਕੇ ਖੋਹ ਕਰਨ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।