ਹਰਭਜਨ ਸਿੰਘ ਖ਼ਾਲਸਾ, ਤਲਵੰਡੀ ਸਾਬੋ : ਤਬਲੀਗੀ ਜਮਾਤ ਦੇ ਦਿੱਲੀ ਸਮਾਗਮ ਤੋਂ ਸ਼ੁਰੂ ਹੋਏ ਵੱਡੇ ਖਲਾਰੇ ਤੇ ਮਾਨਸਾ ਜ਼ਿਲ੍ਹੇ 'ਚ ਠਹਿਰੇ ਇਸੇ ਜਮਾਤ ਦੇ ਤਿੰਨ ਵਿਅਕਤੀਆਂ ਦੇ ਕੋਰੋਨਾ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਤਲਵੰਡੀ ਸਾਬੋ ਦੀ ਇਕ ਮਸਜਿਦ 'ਚੋਂ ਕੁਝ ਦਿਨ ਪਹਿਲਾਂ ਠਹਿਰਾਏ ਗਏ ਦਸ ਤਬਲੀਗੀ ਜਮਾਤੀਆਂ, ਜਿਨ੍ਹਾਂ ਨੂੰ 4 ਅਪ੍ਰੈਲ ਵਾਲੇ ਦਿਨ ਸਿਹਤ ਵਿਭਾਗ ਤੇ ਪੁਲਿਸ ਦੀਆਂ ਟੀਮਾਂ ਨੇ ਬਠਿੰਡਾ ਦੇ ਕੋਰੋਨਾ ਐਸੋਲੇਸ਼ਨ ਸੈਂਟਰ ਵਿਚ ਭੇਜ ਦਿੱਤਾ ਸੀ, ਦੀ ਟੈਸਟ ਰਿਪੋਰਟ ਨੈਗੇਟਿਵ ਆ ਗਈ ਹੈ, ਜਿਸ ਪਿੱਛੋਂ ਮਸਜਿਦ ਵਾਲੇ ਇਲਾਕੇ ਵਿਚ ਰਹਿੰਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਚੇਤੇ ਰਹੇ ਕਿ ਉਕਤ ਦਸ ਤਬਲੀਗੀ ਪਿਛਲੀ 17 ਮਾਰਚ ਨੂੰ ਇੱਥੇ ਪਹੁੰਚੇ ਸਨ, ਜਿਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਬੀਤੀ ਪਹਿਲੀ ਅਪ੍ਰਰੈਲ ਨੂੰ ਮਸਜ਼ਿਦ ਵਿਚ ਹੀ ਰਹਿਣ ਦੀ ਸਰਸਰੀ ਹਦਾਇਤ ਕਰਦਿਆਂ ਬਿਲਕੁਲ ਵੀ ਬਾਹਰ ਨਾ ਆਉਣ ਅਤੇ ਬਾਕੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਸੀ। ਪ੍ਰੰਤੂ ਤਬਲੀਗੀ ਵਿਅਕਤੀਆਂ ਵੱਲੋਂ ਸਿਹਤ ਵਿਭਾਗ ਦੇ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਚਲਦਿਆਂ 4 ਅਪ੍ਰਰੈਲ ਸ਼ਾਮ ਕਰੀਬ ਸਾਢੇ ਪੰਜ ਵਜੇ ਸਿਹਤ ਵਿਭਾਗ ਵੱਲੋਂ ਐੱਸਐੱਚਓ ਤਲਵੰਡੀ ਸਾਬੋ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਉਕਤ ਮਸਜਿਦ ਵਿਚ ਠਹਿਰੇ ਇਨ੍ਹਾਂ ਦਸ ਤਬਲੀਗੀਆਂ ਨੂੰ ਆਪਣੀ ਇਕ ਐਂਬੂਲੈਂਸ ਰਾਹੀਂ ਬਠਿੰਡਾ ਦੇ ਗਿਆਨੀ ਜੈਲ ਸਿੰਘ ਕਾਲਜ 'ਚ ਬਣੇ ਐਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ ਸੀ।

ਦੱਸਣਾ ਬਣਦਾ ਹੈ ਕਿ ਅਜੇ ਤਕ ਬਠਿੰਦਾ ਜ਼ਿਲ੍ਹੇ ਵਿਚ ਇਕ ਵੀ ਕੇਸ ਕੋਰੋਨਾ ਵਾਲਾ ਨਹੀਂ ਹੈ, ਜਿਨ੍ਹਾਂ ਦੇ ਵੀ ਟੈਸਟ ਕੀਤੇ ਗਏ ਹਨ, ਉਹ ਸਾਰੇ ਨੈਗੇਟਿਵ ਆਏ ਹਨ। ਰਿਪੋਰਟ ਆਉਣ ਤੋਂ ਬਾਅਦ ਉਕਤ ਤਬਲੀਗੀਆਂ ਨੂੰ ਵਾਪਸ ਮਸਜਿਦ ਛੱਡਣ ਆਏ ਐੱਸਐੱਚਓ ਤਲਵੰਡੀ ਸਾਬੋ ਨੇ ਦੱਸਿਆ ਕਿ ਹੁਣ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਤੇ ਮਾਹੌਲ ਠੀਕ ਹੋਣ ਤੇ ਲਾਕ ਡਾਊਨ ਖਤਮ ਹੋਣ ਤੋਂ ਬਾਅਦ ਇਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ।