v> ਗੁਰਤੇਜ ਸਿੰਘ ਸਿੱਧੂ , ਬਠਿੰਡਾ : ਆਮ ਆਦਮੀ ਪਾਰਟੀ (ਆਪ) ਦੇ ਬੁਲਾਰਾ ਅਤੇ ਬਠਿੰਡਾ (ਦਿਹਾਤੀ) ਤੋਂ ਵਿਧਾਇਕਾ ਪ੍ਰੋ .ਰੁਪਿੰਦਰ ਕੌਰ ਰੂਬੀ ਨੇ ਪੰਜਾਬ ਸਰਕਾਰ ਵੱਲੋਂ 3 ਦਿਨ ਪਹਿਲਾਂ ਘਰੇਲੂ ਖਪਤਕਾਰਾਂ ਲਈ ਪ੍ਰਤੀ ਯੂਨਿਟ 25 ਪੈਸਿਆਂ ਤੋਂ ਲੈ ਕੇ 50 ਪੈਸੇ ਤਕ ਬਿਜਲੀ ਸਸਤੀ ਕਰਨ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ। ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੀ ਜਨਤਾ ਦੀਆਂ ਅੱਖਾਂ 'ਚ ਘੱਟਾ ਪਾ ਕੇ ਫੋਕੀ ਵਾਹ-ਵਾਹ ਖੱਟਣ ਦੀ ਹਲਕੀ ਹਰਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ 'ਚ 25 ਤੋਂ 50 ਪੈਸੇ ਦੀ ਰਾਹਤ ਐਲਾਨੀ, ਠੀਕ ਉਸ ਸਮੇਂ 2 ਤੋਂ 50 ਕਿੱਲੋਵਾਟ ਲੋਡ ਉੱਪਰ 20 ਤੋਂ 50 ਫ਼ੀਸਦੀ ਤਕ ਬਿਜਲੀ ਦਰਾਂ ਵਧਾ ਦਿੱਤੀਆਂ। ਜਿਸ ਨਾਲ ਅਗਲੇ 10 ਮਹੀਨਿਆਂ 'ਚ ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਕੋਲੋਂ ਲਗਪਗ ਸਵਾ 200 ਕਰੋੜ ਰੁਪਏ ਦੀ ਵਾਧੂ ਵਸੂਲੀ ਕੀਤੀ ਜਾਵੇਗੀ। ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕਿੱਲੋਵਾਟ ਲੋਡ ਦੇ ਖ਼ਰਚ ਨੂੰ ਪੱਕਾ ਖ਼ਰਚ ਬਣਾ ਦਿੱਤਾ ਗਿਆ ਹੈ। ਹੁਣ ਜੇਕਰ ਕੋਈ ਘਰ ਬਿਜਲੀ ਦੀ ਇਕ ਵੀ ਯੂਨਿਟ ਦੀ ਵਰਤੋਂ ਨਹੀਂ ਕਰਦਾ ਤਾਂ ਵੀ ਉਸ ਨੂੰ ਤੈਅ ਕੀਤਾ ਬੱਝਵਾਂ ਖ਼ਰਚ ਦੇਣਾ ਹੀ ਪਵੇਗਾ। ਜੋ ਪੰਜਾਬ ਦੇ ਬਿਜਲੀ ਖਪਤਕਾਰਾਂ ਦੀ ਉਸੇ ਤਰਾਂ ਦੀ ਲੁੱਟ ਹੈ, ਜਿਵੇਂ ਨਿੱਜੀ ਥਰਮਲ ਪਲਾਂਟਾਂ ਕੋਲੋਂ ਜੇਕਰ ਪੰਜਾਬ ਸਰਕਾਰ (ਪਾਵਰਕਾਮ) ਇਕ ਵੀ ਯੂਨਿਟ ਨਹੀਂ ਖ਼ਰੀਦਦੀ ਤਾਂ ਵੀ ਇਨ੍ਹਾਂ ਨਿੱਜੀ ਥਰਮਲ ਪਲਾਂਟਾਂ ਨੂੰ ਫਿਕਸਡ ਚਾਰਜਿਜ਼ ਵਜੋਂ ਪੰਜਾਬ ਦੇ ਖ਼ਜ਼ਾਨੇ 'ਚੋਂ ਇਨ੍ਹਾਂ 25 ਸਾਲਾਂ 'ਚ 70 ਹਜ਼ਾਰ ਕਰੋੜ ਰੁਪਏ ਦੇਣੇ ਪੈਣਗੇ। ਪ੍ਰੋ. ਰੁਪਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਬਾਦਲਾਂ ਵਾਂਗ ਨਿੱਜੀ ਬਿਜਲੀ ਮਾਫ਼ੀਆ ਦੇ ਹੱਥਾਂ 'ਚ ਖੇਡਣ ਲੱਗੀ ਹੈ, ਜਦਕਿ ਬਿਜਲੀ ਮਾਫ਼ੀਆ ਦਾ ਹੱਲ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਇਕਪਾਸੜ ਅਤੇ ਮਾਰੂ ਸਮਝੌਤੇ ਰੱਦ ਕਰਕੇ ਹੀ ਹੋ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਕੁੱਝ ਨਾ ਕਰ ਸਕੀ ਤਾਂ 2022 'ਚ 'ਆਪ' ਦੀ ਸਰਕਾਰ ਪਹਿਲ ਦੇ ਆਧਾਰ 'ਤੇ ਨਿੱਜੀ ਥਰਮਲ ਪਲਾਂਟਾਂ ਨਾਲ ਹੋਏ ਸਮਝੌਤੇ ਰੱਦ ਕਰੇਗੀ ਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵਾਂਗ ਪੰਜਾਬ ਦੇ ਲੋਕਾਂ ਨੂੰ ਵੀ ਮਹਿੰਗੀ ਬਿਜਲੀ ਤੋਂ ਨਿਜਾਤ ਦਿਵਾਏਗੀ।

Posted By: Sunil Thapa