ਖੇਤਰੀ ਪ੍ਰਤੀਨਿਧ, ਬਠਿੰਡਾ : ਹਾਜੀਰਤਨ ਵੈੱਲਫ਼ੇਅਰ ਸੁਸਾਇਟੀ ਦੀ ਚੇਅਰਪਰਸਨ ਤੇ ਕਾਂਗਰਸੀ ਆਗੂ ਨਗੀਨਾ ਬੇਗਮ ਤੇ ਉਸ ਦੇ ਪੁੱਤਰ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ 'ਤੇ ਜ਼ਮੀਨ 'ਤੇ ਕਬਜ਼ਾ ਕਰਨ ਦਾ ਮਾਮਲਾ ਦਰਜ ਹੈ।

ਜ਼ਿਕਰਯੋਗ ਹੈ ਕਿ 24 ਮਾਰਚ 2019 ਨੂੰ ਸਟੇਡੀਅਮ ਨੇੜੇ ਵੱਕਫ਼ ਬੋਰਡ ਦੀ ਜ਼ਮੀਨ, ਜੋ ਕਿ ਮਨੋਜ ਕੁਮਾਰ ਦੇ ਨਾਮ ਸੀ ਤੇ ਉਸ ਨੇ ਇਸ ਜਗ੍ਹਾ 'ਤੇ ਨਿਰਮਾਣ ਕਰਨ ਦੀ ਇਜਾਜ਼ਤ ਲੈ ਲਈ ਸੀ। ਪਰ ਇਸ ਦੌਰਾਨ ਨਗੀਨਾ ਬੇਗਮ ਤੇ ਉਸ ਦੇ ਬੇਟੇ ਗੁਲਫ਼ਾਮ ਖਾਨ ਤੇ ਅਦਿਲ ਖਾਨ ਨੇ ਪਹਿਲਾਂ ਤਾਂ ਉਸਾਰੀ ਦੀਆਂ ਕੰਧਾਂ ਸੁੱਟੀਆਂ ਤੇ ਫਿਰ ਬਾਅਦ 'ਚ ਸਾਮਾਨ ਲੈ ਗਏ।

ਪੁਲਿਸ ਨੇ ਮਨੋਜ ਕੁਮਾਰ ਦੀ ਸ਼ਿਕਾਇਤ 'ਤੇ ਵੱਖ-ਵੱਖ ਧਾਰਾਵਾਂ ਤਹਿਤ ਨਗੀਨਾ ਤੇ ਉਸ ਦੇ ਬੇਟਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ, ਪਰ ਉਹ ਗਿ੍ਫ਼ਤਾਰ ਨਹੀਂ ਹੋ ਰਹੇ ਸਨ। ਆਖ਼ਰ ਵੀਰਵਾਰ ਨੂੰ ਪੁਲਿਸ ਨੇ ਉਨ੍ਹਾ ਨੂੰ ਗਿ੍ਫ਼ਤਾਰ ਕਰ ਲਿਆ ਸੀ। ਉਸ ਦੇ ਇਕ ਬੇਟੇ ਆਦਿਲ ਖਾਨ ਦੀ ਪਹਿਲਾਂ ਹੀ ਜ਼ਮਾਨਤ ਹੋ ਚੁੱਕੀ ਹੈ। ਥਾਣਾ ਸਿਵਲ ਲਾਈਨ ਤੋਂ ਮਾਮਲੇ ਦੇ ਜਾਂਚ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਨਗੀਨਾ ਬੇਗਮ ਤੇ ਉਸ ਦੇ ਬੇਟੇ ਗੁਲਫ਼ਾਮ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ।