ਗੁਰਤੇਜ ਸਿੰਘ ਸਿੱਧੂ, ਬਠਿੰਡਾ : ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨੇ ਬੀਡੀਏ ਦੇ ਕਲਰਕ ਜਗਮੀਤ ਸਿੰਘ ਨੂੰ ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਦੀ ਟੀਮ ਨੇ ਉਸ ਕੋਲੋਂ 33 ਹਜ਼ਾਰ 800 ਰੁਪਏ ਹੋਰ ਵੀ ਬਰਾਮਦ ਕੀਤੇ ਹਨ, ਸਮਝਿਆ ਜਾਂਦਾ ਹੈ ਕਿ ਉਕਤ ਰਕਮ ਵੀ ਰਿਸ਼ਵਤ ਵਿਚ ਲਈ ਹੋ ਸਕਦੀ ਹੈ ਜਿਸਦੀ ਜਾਂਚ ਚੱਲ ਰਹੀ ਹੈ।

ਉਕਤ ਕਲਰਕ ਨੇ ਸ਼ਿਕਾਇਤਕਰਤਾ ਸੰਜੀਵ ਕੁਮਾਰ ਪਾਸੋਂ ਉਸ ਦੇ ਹਾਊਸਿੰਗ ਬੋਰਡ ਕਲੋਨੀ ਫੇਸ ਇਕ ਵਿਖੇ ਖਰੀਦ ਕੀਤੇ ਕੁਆਰਟਰ ਦੀ ਰੇਂਜ ਆਫ ਓਨਰਸ਼ਿਪ ਮਾਲਕੀ ਤਬਦੀਲ ਦਾ ਸਰਟੀਫਿਕੇਟ ਦੇਣ ਲਈ ਤਿੰਨ ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ। ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਡਾ. ਨਰਿੰਦਰ ਭਾਰਗਵ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਸੰਜੀਵ ਕੁਮਾਰ ਪੁੱਤਰ ਬਨਾਰਸੀ ਦਾਸ ਪੁੱਤਰ ਫਕੀਰ ਚੰਦ ਵਾਸੀ ਮਾਡਲ ਟਾਊਨ ਫੇਸ 1 ਬਠਿੰਡਾ ਨੇ ਵਿਜੀਲੈਂਸ ਬਿਊਰੋ ਵਿਖੇ ਸਿ਼ਕਾਇਤ ਦਰਜ ਕਰਵਾਈ ਸੀ ਕਿ ਉਸ ਵਲੋਂ ਸਾਲ 2001 ਵਿਚ ਹਾਊਸਿੰਗ ਬੋਰਡ ਕਲੋਨੀ ਫੇਸ 1 ਵਿਖੇ ਐਲਆਈਜੀ ਕੁਆਰਟਰ ਨੰਬਰ 92 ਖਰੀਦ ਕੀਤਾ ਸੀ। ਹੁਣ ਉਸ ਵਲੋਂ ਘਰੇਲੂ ਜਰੂਰਤ ਕਾਰਨ ਸਟੇਟ ਬੈਂਕ ਆਫ਼ ਇੰਡੀਆ ਬਠਿੰਡਾ ਪਾਸੋਂ ਕਰਜ਼ਾ ਲੈਣਾ ਸੀ ਤਾਂ ਬੈਂਕ ਦੇ ਲੀਗਲ ਐਡਵਾਈਜਰ ਨੇ ਚੇਂਜ ਆਫ਼ ਓਨਰਸਿਪ ਦਾ ਸਰਟੀਫਿਕੇਟ ਦੀ ਮੰਗ ਕੀਤੀ। ਉਸ ਨੇ 26 ਮਾਰਚ 2021 ਨੂੰ ਬੀਡੀਏ ਦਫ਼ਤਰ ਵਿਖੇ ਉਕਤ ਚੇਂਜ ਆਫ਼ ਓਨਰਸਿਪ ਸਰਟੀਫਿਕੇਟ ਲੈਣ ਲਈ ਦਰਖਾਸਤ ਦੇ ਦਿੱਤੀ ਸੀ। ਕਰੀਬ 10-12 ਦਿਨਾਂ ਬਾਅਦ ਬੀਡੀਏ ਦੇ ਕਲਰਕ ਜਗਮੀਤ ਸਿੰਘ ਨੇ ਉਸ ਨੂੰ ਫੋਨ ਰਾਹੀ ਦੱਸਿਆ ਕਿ ਉਸ ਵਲੋਂ ਦਿੱਤੀ ਦਰਖਾਸਤ ਸਬੰਧੀ ਦਸਤਾਵੇਜ ਅਧੂਰੇ ਹਨ ਅਤੇ ਉਸ ਨੇ ਅਸਲ ਰਜਿਸਟਰੀ ਲੈ ਕੇ ਆਉਣ ਲਈ ਵੀ ਕਿਹਾ, ਜਿਸ ਦੇ ਕਹਿਣ ਤੇ ਉਸ ਨੇ ਉਕਤ ਕੁਆਰਟਰ ਨੰਬਰ 92 ਦੀ ਅਸਲ ਰਜਿਸਟਰੀ ਉਸ ਨੂੰ ਦਿੱਖਾ ਦਿੱਤੀ। ਉਕਤ ਕਲਰਕ ਕਹਿਣ ਲੱਗਾ ਕਿ ਤੁਹਾਡੇ ਕਾਫ਼ੀ ਦਸਤਾਵੇਜ ਅਧੂਰੇ ਹਨ, ਤੁਹਾਡਾ ਇਹ ਕੰਮ ਨਹੀਂ ਹੋ ਸਕਦਾ। ਜੇਕਰ ਤੁਸੀਂ ਮੈਨੂੰ ਪੰਜ ਹਜਾਰ ਰੁਪਏ ਦੇ ਦੇਵੋਗੇ ਤਾਂ ਮੈਂ ਤੁਹਾਡਾ ਲੋੜੀਂਦਾ ਚੇਂਜ ਆਫ਼ ਓਨਰਸ਼ਿਪ ਸਰਟੀਫਿਕੇਟ ਸਬੰਧਤ ਅਧਿਕਾਰੀਆਂ ਸੁਪਰਡੈਂਟ, ਜੇਈ ਅਤੇ ਹੋਰ ਤੋਂ ਤਿਆਰ ਕਰਵਾਕੇ ਦੇ ਦੇਵਾਂਗਾ। ਭਾਰਗਵ ਨੇ ਦੱਸਿਆ ਕਿ ਸਿ਼ਕਾਇਤਕਰਤਾ ਨੇ 5 ਮਈ 2021 ਨੂੰ ਜਗਮੀਤ ਸਿੰਘ ਕਲਰਕ ਨੂੰ ਚੇਂਜ ਆਫ਼ ਓਨਰਸ਼ਿਪ ਸਰਟੀਫਿਕੇਟ ਦੇਣ ਦੀ ਬੇਨਤੀ ਕੀਤੀ, ਜਿਸ ਨੇ ਫਿਰ ਪੰਜ ਹਜਾਰ ਰੁਪਏ ਦੇਣ ਲਈ ਕਿਹਾ ਤਾਂ ਸਿਕਾਇਤਕਰਤਾ ਨੇ ਮਜਬੂਰੀਵੱਸ ਉਸ ਨੂੰ 1500 ਰੁਪਏ ਬਤੌਰ ਰਿਸ਼ਵਤ ਦੇ ਦਿੱਤੇ।

ਕਲਰਕ ਨੇ ਕਿਹਾ ਕਿ 3500 ਰੁਪਏ ਦੇਣ ’ਤੇ ਹੀ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।। ਸਿ਼ਕਾਇਤਕਰਤਾ ਵਲੋ. ਮਿੰਨਤ ਤਰਲਾ ਕਰਨ ਤੇ ਉਹ ਤਿੰਨ ਹਜ਼ਾਰ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ। ਸ਼ੁੱਕਰਵਾਰ ਨੂੰ ਸਿ਼ਕਾਇਤਕਰਤਾ ਸੰਜੀਵ ਕੁਮਾਰ ਨੇ ਜਗਮੀਤ ਸਿੰਘ ਕਲਰਕ ਨੂੰ ਤਿੰਨ ਹਜ਼ਾਰ ਰੁਪਏ ਬਤੌਰ ਰਿਸ਼ਵਤ ਦਿੱਤੇ। ਐਸਐਸਪੀ ਨੇ ਦੱਸਿਆ ਕਿ ਸਰਕਾਰੀ ਗਵਾਹ ਗੁਰਜਿੰਦਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਬਠਿੰਡਾ ਅਤੇ ਇੰਦਰਜੀਤ ਸਿੰਘ ਬਾਗਵਾਨੀ ਵਿਕਾਸ ਬਠਿੰਡਾ ਦੀ ਹਾਜ਼ਰੀ ਵਿਚ ਕੁਲਦੀਪ ਸਿੰਘ ਡੀਐਸਪੀ ਵਿਜੀਲੈਂਸ ਬਿਉੂਰੋ ਰੇਂਜ ਬਠਿੰਡਾ ਦੀ ਅਗਵਾਈ ਵਾਲੀ ਟੀਮ ਨੇੋ ਸ਼ੁੱਕਰਵਾਰ ਨੂੰ ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਜਗਮੀਤ ਸਿੰਘ ਕਲਰਕ ਬੀਡੀਏ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

Posted By: Jagjit Singh