ਹਰਭਜਨ ਸਿੰਘ ਖ਼ਾਲਸਾ, ਤਲਵੰਡੀ ਸਾਬੋ : ਹਿੰਦੂ ਸਮਾਜ ਨੂੰ ਅਯੁੱਧਿਆ ਵਿਖੇ ਸ਼੍ਰੀਰਾਮ ਮੰਦਰ ਦੇ ਨਿਰਮਾਣ ਦੀ ਸ਼ੁਰੂਆਤ ਹੋਣ ਦੀ ਮੁਬਾਰਕਬਾਦ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਸਿੱਖਾਂ ਦੇ ਉਨ੍ਹਾਂ ਧਾਰਮਿਕ ਅਸਥਾਨਾਂ ਦੇ ਮੁੜ ਨਿਰਮਾਣ ਵੱਲ ਵੀ ਕੇਂਦਰ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਜਿਨ੍ਹਾਂ ਦੀ ਸਿੱਖ ਸਮਾਜ ਲੰਬੇ ਸਮੇਂ ਤੋਂ ਮੰਗ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ 'ਚ ਸ਼੍ਰੀਰਾਮ ਮੰਦਰ ਨਿਰਮਾਣ ਦਾ ਜੋ ਹਿੰਦੂਆਂ ਲਈ ਮਹੱਤਵ ਹੈ, ਉਹੀ ਮਹੱਤਵ ਸਿੱਖਾਂ ਲਈ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਨਿਰਮਾਣ ਦਾ, ਮੰਗੂ ਮੱਠ ਦਾ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਹੈ, ਇਸ ਲਈ ਭਾਰਤ ਸਰਕਾਰ ਇਨ੍ਹਾਂ ਧਾਰਮਿਕ ਅਸਥਾਨਾਂ ਵੱਲ ਵੀ ਤਵੱਜੋਂ ਦੇਵੇ ਤਾਂ ਜੋ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਧਾਰਮਿਕ ਅਸਥਾਨਾਂ ਦਾ ਸਮੁੱਚਾ ਸਿੱਖ ਪੰਥ ਅਯੁੱਧਿਆ ਸ਼੍ਰੀਰਾਮ ਮੰਦਰ ਵਾਂਗ ਮੁੜ ਨਿਰਮਾਣ ਕਰ ਸਕੇ। ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਵੀ ਸਿੱਖ ਧਰਮ ਵਿਚ ਵਿਸ਼ੇਸ਼ ਮਹੱਤਵ ਹੈ ਤੇ ਜਿੱਥੇ ਭਾਰਤ ਸਰਕਾਰ ਨੇ ਪਿਛਲੀ 7 ਜੁਲਾਈ ਤੋਂ ਸਾਰੇ ਧਾਰਮਿਕ ਅਸਥਾਨ ਖੋਲ੍ਹਣ ਦਾ ਐਲਾਨ ਕੀਤਾ ਸੀ, ਉੱਥੇ ਕਰਤਾਰਪੁਰ ਸਾਹਿਬ ਲਾਂਘਾ ਅਜੇ ਵੀ ਬੰਦ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਲਾਂਘੇ ਨੂੰ ਖੋਲ੍ਹੇ ਤਾਂ ਜੋ ਕੋਰੋਨਾ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਿੱਖ ਸੰਗਤ ਪਾਵਨ ਧਾਰਮਿਕ ਅਸਥਾਨ ਦੇ ਦਰਸ਼ਨ ਦੀਦਾਰੇ ਕਰ ਸਕੇ।