ਗੁਰਤੇਜ ਸਿੰਘ ਸਿੱਧੂ, ਬਠਿੰਡਾ : ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਇਕ ਸੰਗੀਤਕ ਕੈਸਿਟ ਦੇ ਰੈਪਰ ਨੇ ਲੋਕਾਂ 'ਚ ਭੰਬਲਭੂਸਾ ਪੈਦਾ ਕਰ ਰੱਖਿਆ ਹੈ। ਕੈਸਿਟ ਦੇ ਰੈਪਰ ‘ਤੇ ਲੱਗੀ ਤਸਵੀਰ ਨੂੰ ਲੋਕਾਂ ਵੱਲੋਂ ਮੁੱਖ ਮੰਤਰੀ ਚੰਨੀ ਦੀ ਤਸਵੀਰ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਚੜ੍ਹਦੀ ਜਵਾਨੀ 'ਚ ਗਾਉਂਦੇ ਸਨ ਤੇ ਉਨ੍ਹਾਂ ਦੇ ਗੀਤਾਂ ਦੀਆਂ ਕਈ ਕੈਸਿਟਾਂ ਮਾਰਕੀਟ 'ਚ ਆਈਆਂ ਹਨ। ਪਰ 'ਪੰਜਾਬੀ ਜਾਗਰਣ' ਵੱਲੋਂ ਕੀਤੀ ਪੜਤਾਲ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਜਿਹੜੀ ਕੈਸਿਟ ਦੇ ਰੈਪਰ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਜਾ ਰਿਹਾ ਹੈ, ਉਸ ਨਾਲ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਦਾ ਕੋਈ ਵਾਸਤਾ ਨਹੀਂ ਹੈ। ਕੈਸਿਟ ਦੇ ਰੈਪਰ ‘ਤੇ ਲੱਗੀ ਤਸਵੀਰ ਵਾਲਾ ਚਰਨਜੀਤ ਚੰਨੀ ਕੋਈ ਹੋਰ ਹੈ।

ਉਕਤ ਗਾਇਕ ਦੇ ਬਹੁਤੇ ਸਾਰੇ ਗਾਣਿਆਂ ਤੇ ਕੈਸਿਟਾਂ ਦੇ ਪ੍ਰੋਡਿਊਸਰ ਰਹੇ ਲੁਧਿਆਣਾ ਵਾਸੀ ਸੰਜੀਵ ਸੂਦ ਨੇ ਦੱਸਿਆ ਕਿ ਚਰਨਜੀਤ ਚੰਨੀ ਲੰਬਾਂ ਸਮਾਂ ਗਾਇਕੀ ਦੇ ਖੇਤਰ 'ਚ ਸਰਗਰਮ ਰਹੇ ਹਨ, ਜਦੋਂਕਿ ਮੁੱਖ ਮੰਤਰੀ ਚੰਨੀ ਦਾ ਨਾਂ ਬਿਨਾਂ ਵਜ੍ਹਾ ਉਸ ਰੈਪਰ ਵਾਲੀ ਤਸਵੀਰ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕ ਚਰਨਜੀਤ ਚੰਨੀ ਦਾ ਪਿੰਡ ਨਕੋਦਰ ਤਹਿਸੀਲ 'ਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਗਾਇਕ ਚਰਨਜੀਤ ਚੰਨੀ ਫਿਲਪੀਨ 'ਚ ਪਰਿਵਾਰ ਸਮੇਤ ਰਹਿ ਰਿਹਾ ਹੈ। ਸੂਦ ਨੇ ਦੱਸਿਆ ਕਿ ਉਕਤ ਗਾਇਕ ਦੇ ਹੁਣ ਤਕ 150 ਦੇ ਕਰੀਬ ਸਿੰਗਲ ਟਰੈਕ ਗਾਣੇ ਆ ਚੁੱਕੇ ਹਨ ਜਦੋਂਕਿ 20 ਤੋਂ 22 ਗਾਣਿਆਂ ਦੀਆਂ ਕੈਸਿਟਾਂ ਰਿਕਾਰਡ ਹੋ ਚੁੱਕੀਆਂ ਹਨ। ਉੁਸ ਦੀ ਪਹਿਲੀ ਪੈਰੀਟੋਨ ਕੰਪਨੀ ਦੇ ਰਲੀਜ਼ ਕੀਤੀ ਸੀ।

ਸੂਦ ਨੇ ਦੱਸਿਆ ਕਿ ਚੰਨੀ ਦੀਆਂ ਜ਼ਿਆਦਾਤਰ ਕੈਸਿਟਾਂ ਪਰਲਜ਼ ਕੰਪਨੀ ਵੱਲੋਂ ਰਿਲੀਜ਼ ਕੀਤੀਆਂ ਗਈਆਂ ਹਨ। ਪ੍ਰੋਡਿਊਸਰ ਸੂਦ ਨੇ ਦੱਸਿਆ ਕਿ ਪੰਜਾਬੀ ਗਾਇਕ ਚਰਨਜੀਤ ਚੰਨੀ ਕਾਫ਼ੀ ਸਮੇਂ ਤੋਂ ਫਿਲਪੀਨ 'ਚ ਰਹਿ ਰਿਹਾ ਹੈ ਅਤੇ ਹੁਣ ਵੀ ਗਾਣੇ ਗਾਉਂਦਾ ਹੈ। ਸਾਲ 2018 ਵਿਚ ਵੀ ਚੰਨੀ ਦਾ ਗਾਣਾ ਦਿਲਾਸੇ ਰਿਲੀਜ਼ ਹੋਇਆ ਸੀ। ਉਹ ਸਾਲ 2010 ਵਿਚ ਫਿਲਪੀਨ ਚਲਾ ਗਿਆ ਸੀ ਜਿਸ ਤੋਂ ਬਾਅਦ ਉਹ ਉੱਥੇ ਹੀ ਰਹਿ ਰਿਹਾ ਹੈ। ਕਿਸੇ ਸਮੇਂ ਉਸ ਦੇ ਗੀਤਾਂ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦੀ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਚੰਨੀ ਦੱਸ ਕੇ ਘੁੰਮ ਰਹੇ ਰੈਪਰ ’ਤੇ ਪੰਜਾਬੀ ਗਾਇਕ ਚਰਨਜੀਤ ਚੰਨੀ ਦੀ ਤਸਵੀਰ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਬਣਦਿਆਂ ਹੀ ਇਕ ਕੈਸੇਟ ਦਾ ਰੈਪਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ ਜਿਸ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗਾਇਕ ਹੋਣ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਇਹ ਪ੍ਰਚਾਰ ਝੂਠਾ ਨਿਕਲਿਆ।

Posted By: Seema Anand