ਜੇਐੱਨਐੱਨ, ਬਠਿੰਡਾ : 14 ਸਾਲ ਪਹਿਲਾਂ 2007 'ਚ ਬਠਿੰਡਾ ਪੁਲਿਸ ਨੇ ਛਾਪੇਮਾਰੀ ਕਰ ਕੇ ਜੂਆ ਖੇਡਣ ਵਾਲੇ ਕੁਝ ਲੋਕਾਂ ਨੂੰ ਫੜਿਆ ਤੇ ਉਨ੍ਹਾਂ ਕੋਲੋਂ 395,890 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਬਰਾਮਦ ਕੀਤੀ ਗਈ ਨਕਦੀ ਨੂੰ ਪੁਲਿਸ ਦੇ ਮਾਲਖਾਨੇ 'ਚ ਜਮ੍ਹਾਂ ਕਰਵਾਉਣ ਦੀ ਬਜਾਏ ਉਸ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ।

ਜੂਆ ਖੇਡਣ ਦੇ ਦੋਸ਼ 'ਚ ਫੜੇ ਗਏ ਵਿਅਕਤੀ ਨੇ ਅਦਾਲਤ ਤੋਂ ਜ਼ਮਾਨਤ ਲੈਣ ਤੋਂ ਬਾਅਦ ਪੁਲਿਸ ਵੱਲੋਂ ਫੜੀ ਗਈ ਨਕਦੀ ਨੂੰ ਸਪੁਰਦਗੀ ਲਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ। ਜਦੋਂ ਅਦਾਲਤ ਨੇ ਨਕਦੀ ਦੀ ਸਪੁਰਦਗੀ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਪੁਲਿਸ ਦੇ ਮਾਲਖਾਨਾ ਅਧਿਕਾਰੀਆਂ ਨੂੰ ਉਕਤ ਮਾਮਲੇ 'ਚ ਬਰਾਮਦ ਨਕਦੀ ਅਦਾਲਤ 'ਚ ਪੇਸ਼ ਕਰ ਕੇ ਉਸ ਨੂੰ ਵਾਪਸ ਕਰਨ ਲਈ ਕਿਹਾ ਗਿਆ ਤਾਂ ਮਾਲਖਾਨੇ ਦੇ ਮੁਨਸ਼ੀ ਨੇ ਅਦਾਲਤ ਨੂੰ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਇਸ ਮਾਮਲੇ 'ਚ ਕੋਈ ਵੀ ਨਕਦੀ ਮਾਲਖਾਨੇ 'ਚ ਜਮ੍ਹਾਂ ਨਹੀਂ ਕਰਵਾਈ ਗਈ ਹੈ।

ਇਸ ਤੋਂ ਬਾਅਦ ਅਦਾਲਤ ਨੇ ਉਸ ਵੇਲੇ ਮਾਮਲੇ ਦੇ ਜਾਂਚ ਅਧਿਕਾਰੀ ਤੇ ਮੌਜੂਦਾ ਸਮੇਂ 'ਚ ਸੇਵਾਮੁਕਤ ਐੱਸਆਈ ਅੰਮਿ੍ਤਪਾਲ ਸਿੰਘ ਨੂੰ ਅਦਾਲਤ ਨੂੰ ਬੁਲਾ ਕੇ ਪੁੱਛਿਆ ਕਿ ਉਨ੍ਹਾਂ ਵੱਲੋਂ ਫੜੀ ਗਈ ਜੂਏ ਦੀ ਨਕਦੀ ਉਨ੍ਹਾਂ ਨੇ ਮਾਲਖਾਨੇ 'ਚ ਜਮ੍ਹਾਂ ਕਿਉਂ ਨਹੀਂ ਕਰਵਾਈ। ਤਾਂ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਸਾਲ 2007 'ਚ ਮਾਲਖਾਨੇ ਦੇ ਮੁਨਸ਼ੀ ਜੋਗਿੰਦਰ ਸਿੰਘ ਨੂੰ ਉਕਤ ਰਕਮ ਜਮ੍ਹਾਂ ਕਰਵਾਈ ਸੀ, ਪਰ ਹੁਣ ਉਸ ਦੀ ਮੌਤ ਹੋ ਗਈ ਹੈ, ਇਸ ਲਈ ਉਸ ਨੂੰ ਉਕਤ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੇਵਾਮੁਕਤ ਐੱਸਆਈ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਵੱਲੋਂ ਪੈਸੇ ਮਾਲਖਾਨੇ 'ਚ ਜਮ੍ਹਾਂ ਕਰਵਾ ਦਿੱਤੇ ਸਨ, ਪਰ ਅਦਾਲਤ ਨੇ ਪੂਰੇ ਮਾਮਲੇ 'ਚ ਸੇਵਾਮੁਕਤ ਐੱਸਆਈ ਅੰਮਿ੍ਤਪਾਲ ਸਿਘ ਦੀ ਲਾਪਰਵਾਹੀ ਮੰਨਦੇ ਹੋਏ ਮਾਮਲੇ 'ਚ ਬਰਾਮਦ ਕਰੀਬ 3.96 ਲੱਖ ਰੁਪਏ ਦੀ ਨਕਦੀ ਗ਼ਾਇਬ ਹੋਣ ਕਾਰਨ ਉਸ ਖ਼ਿਲਾਫ਼ ਕੋਤਵਾਲੀ ਪੁਲਿਸ ਨੂੰ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ। ਪੁਲਿਸ ਨੇ ਅਦਾਲਤ ਦੇ ਆਦੇਸ਼ਾਂ 'ਤੇ ਕਾਰਵਾਈ ਕਰਦਿਆਂ ਸੇਵਾਮੁਕਤ ਐੱਸਆਈ ਅੰਮਿ੍ਤਪਾਲ ਸਿੰਘ ਨਿਵਾਸੀ ਪਿੰਡ ਕਣਕਵਾਲ ਖ਼ਿਲਾਫ਼ ਲਾਪਰਵਾਹੀ ਦਾ ਮਾਮਲਾ ਦਰਜ ਕਰ ਲਿਆ ਹੈ।