ਦੀਪਕ ਸ਼ਰਮਾ, ਬਠਿੰਡਾ : ਪੁਲਿਸ ਨੇ ਲੜਾਈ ਝਗੜੇ ਦੇ ਵੱਖ-ਵੱਖ ਮਾਮਲਿਆਂ 'ਚ ਇਕ ਅੌਰਤ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸੰਗਤ ਦੀ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਉਸ ਦੀ ਪਤਨੀ ਕਥਿਤ ਪੇ੍ਮੀ ਸਮੇਤ ਚਾਰ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਏਐੱਸਆਈ ਯੂਸਫ ਮੁਹੰਮਦ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ ਉਸ ਦੀ ਪਤਨੀ ਭਿੰਦਰ ਕੌਰ, ਅਜੇ, ਗੱਗੂ ਤੇ ਸੁਰਿੰਦਰ ਸਿੰਘ ਵਾਸੀ ਖੂਹੀਆਂ ਜ਼ਿਲ੍ਹਾ ਸਿਰਸਾ ਨੇ ਉਸ ਦੀ ਕੁੱਟਮਾਰ ਕੀਤੀ ਹੈ। ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਕਥਿਤ ਦੋਸ਼ੀ ਸੁਰਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਉਸ ਨੂੰ ਅਕਸਰ ਘਰ ਬੁਲਾਉਂਦੀ ਸੀ। ਉਹ ਆਪਣੀ ਪਤਨੀ ਨੂੰ ਇਸ ਗੱਲ ਤੋਂ ਵਰਜਦਾ ਸੀ, ਜਿਸਦੀ ਰੰਜਿਸ਼ ਰੱਖਦਿਆਂ ਹੋਇਆਂ ਕਥਿਤ ਦੋਸ਼ੀਆਂ ਨੇ ਉਸ ਦੇ ਸੱਟਾਂ ਮਾਰੀਆਂ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਇਕ ਮਹੀਨੇ ਤੋਂ ਵੱਧ ਪੁਰਾਣਾ ਹੈ। ਪੀੜਤ ਵਿਅਕਤੀ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕਈ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰਾਂ੍ਹ ਥਾਣਾ ਸਿਵਲ ਲਾਈਨ ਦੇ ਐੱਸਆਈ ਬੇਅੰਤ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਵਾਸੀ ਪਿੰਡ ਗਿੱਦੜ ਬਠਿੰਡਾ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ 27 ਨਵੰਬਰ ਨੂੰ ਸਥਾਨਕ ਅਜੀਤ ਰੋਡ 'ਤੇ ਗਗਨਦੀਪ ਸਿੰਘ ਵਾਸੀ ਪਿੰਡ ਭੋਖੜਾ ਉਸਦੇ ਸਾਥੀ ਜੱਸ ਸਿੱਧੂ ,ਹਰਸਿਮਰਨ ਹਨੀ ਅਤੇ ਅੱਠ ਦਸ ਅਣਪਛਾਤੇ ਵਿਅਕਤੀਆਂ ਨੇ ਕੁਝ ਦਿਨ ਪਹਿਲਾਂ ਹੋਈ ਤਕਰਾਰਬਾਜ਼ੀ ਦੀ ਰੰਜਿਸ਼ ਰੱਖਦਿਆਂ ਉਸ ਦੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਕਤ ਵਿਅਕਤੀਆਂ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ।