ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਕਲਿਆਣ ਮੱਲਕਾ ਅੰਦਰ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਈ ਲੜਾਈ ਵਿੱਚ ਨਥਾਣਾ ਪੁਲਿਸ ਨੇ ਦੋਵਾਂ ਧਿਰਾਂ ਦੇ 44 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮੌਕੇ ਪਿੰਡ ਦੇ ਕੁਝ ਲੋਕਾਂ ਨੇ ਮੰਦਰ ਦੀ ਕੰਧ ਨੂੰ ਢਾਹ ਦਿੱਤਾ, ਜਦੋਂ ਕਿ ਦੂਜੀ ਧਿਰ ਨੇ ਹਵਾਈ ਫਾਇਰਿੰਗ ਕੀਤੀ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਐਡਵੋਕੇਟ ਵਰਿੰਦਰ ਕੁਮਾਰ ਪੁੱਤਰ ਜੁਗਲ ਕਿਸ਼ੋਰ ਨੇ ਦੱਸਿਆ ਕਿ ਪਿੰਡ ਕਲਿਆਣ ਮੱਲਕਾ ਵਿਚ ਪ੍ਰਾਚੀਨ ਸ਼ਿਵ ਮੰਦਰ ਮੌਜੂਦ ਹੈ।

ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਗੁਰਤੇਜ ਸਿੰਘ ਪੁੱਤਰ ਦਰਬਾਰਾ ਸਿੰਘ, ਬਲਰਾਜ ਸਿੰਘ ਦਰਸ਼ਨ ਸਿੰਘ ਪੁਤਰਾਨ ਬੂਟਾ ਸਿੰਘ, ਨਛੱਤਰ ਸਿੰਘ ਪੁੱਤਰ ਬਲਦੇਵ ਸਿੰਘ, ਲਖਵੀਰ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰਾਨ ਗੁਰਬਚਨ ਸਿੰਘ, ਮਲਕੀਤ ਸਿੰਘ ਪੁੱਤਰ ਬਸੰਤ ਸਿੰਘ' ਮਹਿੰਦਰ ਸਿੰਘ ਪੁੱਤਰ ਸੰਤਾ ਸਿੰਘ, ਜਗਸੀਰ ਸਿੰਘ ਪੁੱਤਰ ਗੁਰਦੇਵ ਸਿੰਘ, ਰਛਪਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਕਲਿਆਣ ਮੱਲਕਾ ਆਪਣੇ 25 ਹੋਰ ਅਣਪਛਾਤੇ ਸਾਥੀਆਂ ਸਮੇਤ ਮੰਦਰ ਵਿੱਚ ਪੁੱਜੇ ਅਤੇ ਉਨ੍ਹਾਂ ਮੰਦਰ ਦੀ ਕੰਧ ਨੂੰ ਢਾਹ ਦਿੱਤਾ। ਉਨ੍ਹਾਂ ਬਿਆਨਾਂ ਵਿੱਚ ਦੱਸਿਆ ਕਿ ਉਕਤ ਵਿਅਕਤੀ ਮੰਦਰ ਦੀ ਕੰਧ ਦੀਆਂ ਇੱਟਾਂ ਚੋਰੀ ਕਰਕੇ ਲੈ ਗਏ।

ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਪਿੰਡ ਦੀ ਪਾਣੀ ਦੀ ਨਿਕਾਸੀ ਰੋਕ ਦਿੱਤੀ ਜਿਸ ਕਾਰਨ ਗੰਦਾ ਪਾਣੀ ਪਿੰਡ ਦੀਆਂ ਗਲੀਆਂ ਵਿਚ ਜਮ੍ਹਾਂ ਹੋ ਗਿਆ। ਦੂਜੇ ਪਾਸੇ ਪਿੰਡ ਕਲਿਆਣ ਮੱਲਕਾ ਦੇ ਸਰਪੰਚ ਬਲਜਿੰਦਰ ਸਿੰਘ ਦੇ ਬਿਆਨਾਂ ਤੇ ਵੀ ਦੂਜੀ ਧਿਰ ਦੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਸਰਪੰਚ ਨੇ ਥਾਣਾ ਨਥਾਣਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਕਿ ਵਰਿੰਦਰ ਕੁਮਾਰ ਵਗੈਰਾ ਨੇ ਪਿੰਡ ਵਿਚ ਪ੍ਰਚੀਨ ਸ਼ਿਵ ਮੰਦਰ ਦੀ ਕੰਧ ਕੱਢ ਕੇ ਗੰਦੇ ਪਾਣੀ ਦੀ ਨਿਕਾਸੀ ਨੂੰ ਰੋਕ ਦਿੱਤਾ, ਜਿਸ ਕਾਰਨ ਗੰਦਾ ਪਾਣੀ ਪਿੰਡ ਦੀਆਂ ਗਲੀਆਂ ਵਿਚ ਖੜ੍ਹਾ ਹੈ। ਉਸ ਨੇ ਦੱਸਿਆ ਕਿ ਜਦੋਂ ਪੰਚਾਇਤ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਵਰਿੰਦਰ ਕੁਮਾਰ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤੇ। ਨਥਾਣਾ ਪੁਲਿਸ ਨੇ ਵਰਿੰਦਰ ਕੁਮਾਰ, ਬਲਰਾਜ ਸ਼ਰਮਾ, ਹਰਜਿੰਦਰ ਸ਼ਰਮਾ, ਜਸਵੰਤ ਭੁੱਟੋ, ਅੰਗਰੇਜ ਸਿੰਘ ਪੁੱਤਰ ਸੁਖਦੇਵ ਸਿੰਘ ਗੁਰਲਾਭ ਸਿੰਘ ਪੁੱਤਰ ਜਸਵੰਤ ਸਿੰਘ, ਇੰਦਰਜੀਤ ਸ਼ਰਮਾ, ਸੁਖਬੀਰ ਪੁੱਤਰ ਬੂਟਾ ਸਿੰਘ ਵਾਸੀਅਨ ਕਲਿਆਣ ਮੱਲਕਾ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ।

Posted By: Sunil Thapa