ਦੀਪਕ ਸ਼ਰਮਾ, ਬਠਿੰਡਾ : ਪਿੰਡ ਕੋਟ ਫੱਤਾ ਕੋਲ ਮੰਗਲਵਾਰ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਇਕ ਕਿਸਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

ਇਸ ਸਬੰਧੀ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਵਾਸੀ ਪਿੰਡ ਕਿਸ਼ਨਗੜ੍ਹ ਸੋਫੇ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਨੇ ਬਿਆਨ ਦਰਜ ਕਰਵਾਏ ਹਨ ਕਿ ਪਿੰਡ ਬਾਦਲ 'ਚ ਕਿਸਾਨ ਧਰਨੇ ਦੀ ਸਮਾਪਤੀ ਤੋਂ ਬਾਅਦ ਉਹ ਬੱਸ ਰਾਹੀਂ ਵਾਪਸ ਪਿੰਡ ਜਾ ਰਹੇ ਸਨ। ਇਸ ਦੌਰਾਨ ਪਿੰਡ ਕੋਟ ਫੱਤਾ ਕੋਲ ਬੱਸ ਸੜਕ ਦੇ ਵਿਚਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਬੱਸ 'ਚ ਸਵਾਰ ਕਿਸਾਨਾਂ ਦੇ ਗੰਭੀਰ ਸੱਟਾਂ ਵੱਜੀਆਂ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਤਿੰਨ ਕਿਸਾਨਾਂ ਨੂੰ ਗੰਭੀਰ ਹਾਲਤ ਹੋਣ ਕਾਰਨ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਮੁਖਤਿਆਰ ਸਿੰਘ ਵਾਸੀ ਪਿੰਡ ਕਿਸ਼ਨਗੜ੍ਹ ਦੀ ਦੇਰ ਰਾਤ ਮੌਤ ਹੋ ਗਈ। ਸਬ ਇੰਸਪੈਕਟਰ ਗੁਰਸੇਵਕ ਸਿੰਘ ਮੁਤਾਬਕ ਅਮਰੀਕ ਸਿੰਘ ਦੀ ਸ਼ਿਕਾਇਤ 'ਤੇ ਟਰੱਕ ਚਾਲਕ ਰਾਜਿੰਦਰ ਸਿੰਘ ਵਾਸੀ ਪਿੰਡ ਵਡਾਲਾ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Jagjit Singh