ਸੁਖਜਿੰਦਰ ਰੋਮਾਣਾ, ਸੰਗਤ ਮੰਡੀ : ਸੰਗਤ ਮੰਡੀ ਦੇ ਨੇੜਲੇ ਪਿੰਡ ਜੈ ਸਿੰਘ ਵਾਲਾ ਵਿਖੇ ਹਫਤਾਵਾਰੀ ਲਾਕਡਾਊਨ ਦੇ ਦੌਰਾਨ ਦੁਕਾਨਾਂ ਖੁੱਲ੍ਹੀਆਂ ਰੱਖਣ ਤੋਂ ਬਾਅਦ ਸੰਗਤ ਪੁਲਿਸ ਵਲੋਂ ਚਾਰ ਦੁਕਾਨਦਾਰਾਂ 'ਤੇ ਪਰਚਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਥਾਣਾ ਸੰਗਤ ਦਾ ਿਘਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਇਕ ਸਾਲ ਤੋਂ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਕ ਸਾਲ ਬੀਤਣ ਦੇ ਬਾਵਜੂਦ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰਾਂ ਹੱਥ 'ਤੇ ਹੱਥ ਧਰੀ ਬੈਠੀਆਂ ਰਹੀਆਂ ਅਤੇ ਲੋਕਾਂ ਦੀ ਸਹੂਲਤ ਲਈ ਜਾਂ ਕੋਰੋਨਾ ਦੇ ਅਗਾਊਂ ਰੋਕਥਾਮ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਅਤੇ ਹੁਣ ਜਦੋਂ ਜਿਉਂ ਹੀ ਦੂਜੀ ਲਹਿਰ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਤਾਂ ਸਰਕਾਰੀ ਸਿਸਟਮ ਚਕਨਾਚੂਰ ਹੋ ਗਿਆ। ਉਨਾਂ੍ਹ ਕਿਹਾ ਕਿ ਬੀਤੇ ਇਕ ਸਾਲ ਤੋਂ ਗ਼ਰੀਬ ਅਤੇ ਮੱਧ ਵਰਗ ਦੇ ਲੋਕ ਕੋਰੋਨਾ ਮਹਾਮਾਰੀ ਤੋਂ ਬਾਅਦ ਭਿਆਨਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਸਰਕਾਰ ਵੱਲੋਂ ਲਾਕਡਾਊਨ ਅਤੇ ਕਰਫਿਊ ਲਾ ਕੇ ਲੋਕਾਂ ਨੂੰ ਫਿਰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਭਲ੍ਹਕੇ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਦੀ। ਉਨਾਂ੍ਹ ਸੰਗਤ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤਕ ਜੈ ਸਿੰਘ ਵਾਲਾ ਦੇ ਦੁਕਾਨਦਾਰਾਂ 'ਤੇ ਦਰਜ ਕੀਤੇ ਮਾਮਲੇ ਖਾਰਜ ਨਹੀਂ ਕੀਤੇ ਜਾਂਦੇ, ਉਦੋਂ ਤੱਕ ਥਾਣੇ ਦਾ ਪੱਕੇ ਤੌਰ 'ਤੇ ਿਘਰਾਓ ਕੀਤਾ ਜਾਵੇਗਾ। ਇਸ ਮੌਕੇ ਪਿੰਡ ਜੈ ਸਿੰਘ ਵਾਲਾ ਇਕਾਈ ਦੇ ਪ੍ਰਧਾਨ ਗੁਰਤੇਜ ਸਿੰਘ, ਬੇਅੰਤ ਸਿੰਘ, ਜਸਵਿੰਦਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਇਸ ਸਬੰਧੀ ਥਾਣਾ ਸੰਗਤ ਦੇ ਮੁਖੀ ਗੌਰਵਬੰਸ਼ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਦੇ ਹੁਕਮਾਂ ਅਨੁਸਾਰ ਹਫਤਾਵਾਰ ਲਾਕਡਾਉਨ ਦੇ ਬਾਵਜੂਦ ਪਿੰਡ ਜੈ ਸਿੰਘ ਵਾਲਾ ਦੇ ਚਾਰ ਦੁਕਾਨਦਾਰਾਂ ਵੱਲੋਂ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਸਨ। ਮੁਖਬਰ ਦੀ ਇਤਲਾਹ 'ਤੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਵੱਲੋਂ ਮੌਕੇ 'ਤੇ ਜਾ ਕੇ ਸੀਤਾ ਰਾਮ ਪੁੱਤਰ ਜਗਦੀਸ਼ ਰਾਏ, ਕਾਲਾ ਸਿੰਘ ਪੁੱਤਰ ਨੇਤਾ ਸਿੰਘ, ਗੁਰਜੰਟ ਸਿੰਘ ਪੁੱਤਰ ਮਿੱਠੂ ਸਿੰਘ ਅਤੇ ਥਾਣਾ ਸਿੰਘ ਪੁੱਤਰ ਬੀਰਾ ਸਿੰਘ ਦੇ ਖਿਲਾਫ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਜੋਂ ਧਾਰਾ 188/167/170 ਦੇ ਤਹਿਤ ਮਾਮਲਾ ਦਰਜ ਕਰ ਕੇ ਗਿ੍ਫਤਾਰ ਕਰ ਲਿਆ ਗਿਆ ਹੈ। ਕਿਸਾਨ ਯੂਨੀਅਨ ਵੱਲੋਂ ਿਘਰਾਓ ਦੇ ਬਾਰੇ ਉਨਾਂ੍ਹ ਕਿਹਾ ਕਿ ਪੁਲਿਸ ਵਲੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ।