ਜਸਪਾਲ ਸਿੰਘ ਿਢਲੋਂ, ਚਾਉਕੇ : ਪਿੰਡ ਚਾਉਕੇ ਦੇ ਕਬੱਡੀ ਕੋਚ ਹਰਵਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿਚ ਅੱਜ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਇਨਸਾਫ਼ ਲਈ ਸਦਰ ਥਾਣਾ ਰਾਮਪੁਰਾ ਦੇ ਗੇਟ ਅੱਗੇ ਚੰਡੀਗੜ੍ਹ ਬਠਿੰਡਾ ਮੁੱਖ ਸੜਕ 'ਤੇ ਦੂਸਰੇ ਦਿਨ ਧਰਨਾ ਦਿੱਤਾ ਗਿਆ। ਇਸ ਸਮੇਂ ਮਿ੍ਤਕ ਹਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਨੂੰ ਸਹਿਯੋਗ ਦੇਣ ਲਈ ਪਹੁੰਚੇ ਬੀਕੇਯੂ ਦੇ ਆਗੂ ਮਨਜੀਤ ਸਿੰਘ ਧਨੇਰ, ਕਾਕਾ ਸਿੰਘ ਕੌਟੜਾ ਅਤੇ ਬਲਵਿੰਦਰ ਸਿੰਘ ਜੇਠੂਕੇ, ਤੀਰਥ ਸਿੰਘ ਅਤੇ ਮੋਠਾ ਸਿੰਘ ਕੋਟੜਾ ਨੇ ਦੱਸਿਆ ਕਿ ਕਰੀਬ 17 ਦਿਨ ਪਹਿਲਾਂ ਕਬੱਡੀ ਦੇ ਖਿਡਾਰੀ ਹਰਵਿੰਦਰ ਸਿੰਘ ਦੀ ਸ਼ਰਾਰਤੀ ਵਿਅਕਤੀਆਂ ਵੱਲੋਂ ਬੁਰੀ ਤਰਾਂ੍ਹ ਕੀਤੀ ਕੁੱਟਮਾਰ ਤੋਂ ਬਾਅਦ ਉਸ ਦੀ ਮੌਤ ਹੋ ਗਈ ਪਰ ਹਾਲੇ ਤਕ ਪ੍ਰਸ਼ਾਸ਼ਨ ਵੱਲੋਂ ਮੇਨ ਦੋਸ਼ੀ ਗਿ੍ਫ਼ਤਾਰ ਕਿਉਂ ਨਹੀਂ ਕੀਤੇ ਗਏ ਅਤੇ ਮਿ੍ਤਕ ਹਰਵਿੰਦਰ ਸਿੰਘ ਅਤੇ ਦੂਸਰੇ ਜ਼ਖਮੀ ਨੌਜਵਾਨਾਂ ਨੂੰ ਹਾਲੇ ਤਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਸਰਕਾਰ ਮਿ੍ਤਕ ਨੌਜਵਾਨ ਦੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਤੋਂ ਭੱਜ ਰਹੀ ਹੈ। ਸਮਾਜਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਲੋਕਾਂ ਨੂੰ ਇਨਸਾਫ਼ ਲੈਣ ਲਈ ਸੜਕਾਂ ਅਤੇ ਥਾਣੇ ਘੇਰਨੇ ਪੈ ਰਹੇ ਹਨ। ਜੇਕਰ ਪੁਲੀਸ ਦੇ ਉੱਚ ਅਧਿਕਾਰੀ ਨੇ ਪਹਿਲੇ ਦਿਨ ਹੀ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਹਰਵਿੰਦਰ ਸਿੰਘ ਦੀ ਮੌਤ ਹੀ ਨਾ ਹੁੰਦੀ ਕਿਉਂਕਿ ਮਿ੍ਤਕ ਨੌਜਵਾਨ ਆਪਣੇ ਦੋਸਤਾਂ ਤੋਂ ਹਰ ਰੋਜ਼ ਹੀ ਪੁੱਛਦਾ ਹੁੰਦਾ ਸੀ ਕਿ ਦੋਸ਼ੀ ਪੁਲੀਸ ਵੱਲੋਂ ਹਾਲੇ ਤੱਕ ਕਿਉ ਨਹੀਂ ਗਿ੍ਫ਼ਤਾਰ ਕੀਤੇ ਗਏ। ਇਸ ਮੌਕੇ ਬੁਲਾਰਿਆਂ ਨੇ ਪੁਲੀਸ ਪ੍ਰਸ਼ਾਸਨ ਦੀ ਇਸ ਘਟਨਾ ਸਬੰਧੀ ਿਢੱਲ-ਮੱਠ ਦੀ ਅਪਣਾਈ ਜਾ ਰਹੀ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਖਿਆ ਕਿ ਘਟਨਾ ਦੇ ਕਰੀਬ 17 ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ ਅਤੇ ਪਿੰਡਾਂ 'ਚ ਚਿੱਟਾ ਅਤੇ ਹੋਰ ਨਸ਼ਿਆਂ ਦੀ ਵਿੱਕਰੀ ਜ਼ੋਰਾਂ 'ਤੇ ਹੋਣ ਕਾਰਨ ਨਸ਼ਾ ਤਸਕਰਾਂ ਅਤੇ ਗ਼ਲਤ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ। ਉਨਾਂ੍ਹ ਮੰਗ ਕੀਤੀ ਕਿ ਜਿੰਨਾਂ ਚਿਰ ਉਕਤ ਘਟਨਾ ਦੇ ਕਥਿਤ ਦੋਸਤੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ, ਉਨਾਂ ਚਿਰ ਰੋਸ ਧਰਨਾ ਅਤੇ ਸੰਘਰਸ਼ ਨਿਰੰਤਰ ਜਾਰੀ ਰੱਖਿਆ ਜਾਵੇਗਾ। ਸਾਮ ਸਮੇਂ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਵਿਚਕਾਰ ਗੱਲਬਾਤ ਜਾਰੀ ਸੀ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ਼ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿਚ 8 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਉੱਚ ਅਧਿਕਾਰੀਆਂ ਵੱਲੋਂ ਚੌਕੀ ਚਾਉਕੇ ਦੇ ਸਾਰੇ ਸਟਾਫ਼ ਦੀ ਬਦਲੀ ਕਰ ਦਿੱਤੀ ਗਈ ਹੈ।