ਗੁਰਤੇਜ ਸਿੰਘ ਸਿੱਧੂ, ਬਿਠੰਡਾ : ਮੰਗਲਵਾਰ ਰਾਤ ਜੇਲ੍ਹ 'ਚੋਂ ਭੱਜਣ ਦਾ ਯਤਨ ਕਰਨ ਵਾਲੇ ਦੋਵੇਂ ਹਵਾਲਾਤੀ ਬੈਰਕ ਦੀ ਅਲਮਾਰੀ ਤੋੜ ਕੇ ਬਾਹਰ ਨਿਕਲੇ ਸਨ। ਥਾਣਾ ਕੈਂਟ ਪੁਲਿਸ ਨੇ ਦੋਵਾਂ ਹਵਾਲਾਤੀਆਂ ਬੂਟਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਕੋਠੇ ਸੰਗਤ ਅਤੇ ਜਗਸੀਰ ਸਿੰਘ ਪੁੱਤਰ ਤਿ੫ਲੋਚਨ ਸਿੰਘ ਵਾਸੀ ਅਮਰਪੁਰਾ ਬਸਤੀ ਬਿਠੰਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਹਵਾਲਾਤੀ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਕੇਸਾਂ ਵਿਚ ਕੇਂਦਰੀ ਜੇਲ੍ਹ ਵਿਚ ਬੰਦ ਹਨ। ਮੰਗਲਵਾਰ ਅੱਧੀ ਰਾਤ ਜਦੋਂ ਦੂਜੇ ਹਵਾਲਾਤੀ ਸੌ ਗਏ ਤਾਂ ਦੋਵਾਂ ਨੇ ਬੈਰਕ ਦੀ ਅਲਮਾਰੀ ਤੋੜ ਕੇ ਭੱਜਣ ਦਾ ਯਤਨ ਕੀਤਾ। ਉਕਤ ਹਵਾਲਾਤੀਆਂ ਨੇ ਜਦੋਂ ਜੇਲ੍ਹ ਦੀ ਕੰਧ ਟੱਪਣ ਦਾ ਯਤਨ ਕੀਤਾ ਤਾਂ ਉਹ ਦੋਵੇਂ ਹੇਠਾਂ ਡਿੱਗ ਪਏ, ਜਿਸ ਕਾਰਨ ਬੂਟਾ ਸਿੰਘ ਲੱਤ ਟੁੱਟ ਗਈ, ਜਦੋਂਕਿ ਜਗਸੀਰ ਸਿੰਘ ਵੀ ਜ਼ਖ਼ਮੀ ਹੋ ਗਿਆ। ਥਾਣਾ ਕੈਂਟ ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਅਣਗਹਿਲੀ ਵਰਤਣ ਵਾਲੇ ਦੋ ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।