ਦੀਪਕ ਸ਼ਰਮਾ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਨਾਜਾਇਜ ਸ਼ਰਾਬ, ਨਸ਼ੇ ਦੀਆਂ ਗੋਲੀਆਂ ਅਤੇ ਭੁੱਕੀ ਬਰਾਮਦ ਕਰ ਕੇ 10 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਸੱਤ ਵਿਅਕਤੀਆਂ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ, ਜਦਕਿ ਤਿੰਨ ਵਿਅਕਤੀਆਂ ਦੀ ਗਿ੍ਫਤਾਰੀ ਹੋਣੀ ਅਜੇ ਬਾਕੀ ਹੈ। ਥਾਣਾ ਸਦਰ ਬਠਿੰਡਾ ਦੇ ਹੌਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਪਿੰਡ ਕੋਟਸ਼ਮੀਰ ਦਾ ਰਹਿਣ ਵਾਲਾ ਮੰਗਾ ਸਿੰਘ ਅਤੇ ਉਸ ਦਾ ਲੜਕਾ ਸੁਖਵਿੰਦਰ ਸਿੰਘ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਇਸ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਸੁਖਵਿੰਦਰ ਸਿੰਘ ਨੂੰ ਕਾਬੂ ਕਰਕੇ 168 ਬੋਤਲਾਂ ਹਰਿਆਣੇ ਦੀ ਬਣੀ ਹੋਈ ਸ਼ਰਾਬ ਬਰਾਮਦ ਕੀਤੀ ਹੈ। ਮੁਲਜ਼ਮ ਬੱਗਾ ਸਿੰਘ ਹਾਲੇ ਫ਼ਰਾਰ ਹੈ। ਇਸੇ ਤਰ੍ਹਾਂ ਥਾਣਾ ਰਾਮਾਂ ਦੀ ਪੁਲਿਸ ਨੇ ਕਾਰ 'ਚੋਂ 22 ਡੱਬੇ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਕਾਰ ਚਾਲਕ 'ਤੇ ਪਰਚਾ ਦਰਜ ਕੀਤਾ ਹੈ। ਕਾਰ ਚਾਲਕ ਮੌਕੇ ਤੋਂ ਭੱਜਣ 'ਚ ਸਫਲ ਹੋ ਗਿਆ। ਏਐੱਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਮਲਕਾਣਾ ਕੋਲ ਲਗਾਏ ਨਾਕੇ ਦੌਰਾਨ ਸ਼ੱਕ ਦੇ ਆਧਾਰ ਤੇ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਕਾਰ ਮੌਕੇ 'ਤੇ ਹੀ ਛੱਡ ਕੇ ਭੱਜ ਗਿਆ। ਇਸ ਦੌਰਾਨ ਪੁਲਿਸ ਨੇ ਕਾਰ ਵਿੱਚੋਂ 22 ਡੱਬੇ ਨਾਜਾਇਜ਼ ਸ਼ਰਾਬ ਦੇ ਬਰਾਮਦ ਕੀਤੇ ਹਨ। ਕਾਰ ਵਿੱਚੋਂ ਮਿਲੇ ਹੋਏ ਦਸਤਾਵੇਜ਼ਾਂ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਅਮਰਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ 'ਤੇ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਜਿਸ ਨੂੰ ਜਲਦੀ ਹੀ ਗਿ੍ਫਤਾਰ ਕਰ ਲਿਆ ਜਾਵੇਗਾ।

ਥਾਣਾ ਤਲਵੰਡੀ ਸਾਬੋ ਦੇ ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਜਗ੍ਹਾ ਰਾਮ ਤੀਰਥ ਕੋਲ ਲਗਾਏ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਤਾਂ ਉਕਤ ਵਿਅਕਤੀਆਂ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਮੰਗਤ ਰਾਮ ਵਾਸੀ ਪਿੰਡ ਰੋੜੀ ਅਤੇ ਭੱਜ ਗਏ ਵਿਅਕਤੀ ਦੀ ਪਛਾਣ ਸੁਰਿੰਦਰ ਕੁਮਾਰ ਵਾਸੀ ਪਿੰਡ ਬੰਗੀ ਕਲਾਂ ਦੇ ਤੌਰ 'ਤੇ ਹੋਈ ਹੈ। ਇਸੇ ਤਰ੍ਹਾਂ ਥਾਣਾ ਨਥਾਣਾ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਲਾਹਣ ਬਰਾਮਦ ਕਰਕੇ ਦੋ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ । ਹੌਲਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪਿੰਡ ਤੁੰਗਵਾਲੀ ਤੋਂ 50 ਲੀਟਰ ਲਾਹਣ ਬਰਾਮਦ ਕਰ ਕੇ ਹਰਕਿ੍ਸਨ ਸਿੰਘ ਵਾਸੀ ਤੁੰਗਵਾਲੀ ਖਿਲਾਫ ਪਰਚਾ ਦਰਜ ਕੀਤਾ ਹੈ। ਮੁਲਜ਼ਮ ਦੀ ਭਾਲ ਜਾਰੀ ਹੈ । ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪਿੰਡ ਤੁੰਗਵਾਲੀ ਤੋਂ ਲੱਛਮਣ ਸਿੰਘ ਵਾਸੀ ਤੁੰਗਵਾਲੀ ਨੂੰ ਗਿ੍ਫਤਾਰ ਕਰਕੇ 20 ਲੀਟਰ ਲਾਹਣ ਅਤੇ ਚਾਲੂ ਭੱਠੀ ਬਰਾਮਦ ਕੀਤੀ ਗਈ ਹੈ। ਥਾਣਾ ਨੰਦਗੜ੍ਹ ਦੇ ਏਐੱਸਆਈ ਮਹਿੰਗਾ ਸਿੰਘ ਨੇ ਦੱਸਿਆ ਕਿ ਪਿੰਡ ਚੱਕ ਅਤਰ ਸਿੰਘ ਵਾਲਾ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਜਗਰੂਪ ਸਿੰਘ , ਗੁਰਮੇਲ ਸਿੰਘ ਵਾਸੀ ਪਿੰਡ ਦੁਨੇਵਾਲਾ ਨੂੰ ਗਿ੍ਫਤਾਰ ਕਰ ਕੇ ਤਿੰਨ ਕਿੱਲੋ ਭੁੱਕੀ ਬਰਾਮਦ ਕੀਤੀ ਗਈ ਹੈ । ਇਸੇ ਤਰ੍ਹਾਂ ਥਾਣਾ ਤਲਵੰਡੀ ਸਾਬੋ ਦੇ ਏਐੱਸਆਈ ਕੌਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਇਆ ਕਾਲਾ ਸਿੰਘ ਵਾਸੀ ਪਿੰਡ ਬਹਿਮਣ ਜੱਸਾ ਸਿੰਘ ਵਾਲਾ ਨੂੰ ਗਿ੍ਫ਼ਤਾਰ ਕਰ ਕੇ ਇੱਕ ਕਿੱਲੋ ਤਿੰਨ ਸੌ ਗ੍ਰਾਮ ਭੁੱਕੀ ਅਤੇ 300 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ¨