ਦੀਪਕ ਸ਼ਰਮਾ, ਬਠਿੰਡਾ : ਸੂਬੇ ਵਿਚ ਤੇਜ਼ੀ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਮੁੜ ਤੋਂ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਸਕ ਨਾ ਪਾਉਣ ਅਤੇ ਸਮਾਜਿਕ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਖਿਲਾਫ਼ ਪੁਲਿਸ ਨੇ ਕੇਸ ਦਰਜ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਕਿ ਪਹਿਲਾਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਕੇਵਲ ਚਲਾਨ ਕਰਕੇ ਜ਼ਰਮਾਨਾ ਵਸੂਲਿਆ ਜਾਂਦਾ ਸੀ, ਪਰ ਉਸ ਦੇ ਬਾਵਜੂਦ ਵੀ ਲੋਕ ਇਨ੍ਹਾਂ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਸਨ, ਜਿਸ ਕਾਰਨ ਸੂਬੇ ਵਿਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਸੀ, ਜਿਸ ਨੂੰ ਦੇਖਦੇ ਹੋਏ ਸਮਾਜਿਕ ਦੂਰੀ ਦੇ ਨਿਯਮ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੰਜਾਬ ਪੁਲਿਸ ਨੂੰ ਹੁਣ ਮੁਕੱਦਮੇ ਦਰਜ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਲੜੀ ਤਹਿਤ ਬੁੱਧਵਾਰ ਨੂੰ ਬਠਿੰਡਾ ਪੁਲਿਸ ਨੇ ਮਾਸਕ ਨਾ ਪਾਉਣ ਵਾਲੇ 44 ਵਿਅਕਤੀਆਂ ਖਿਲਾਫ਼ 21 ਪਰਚੇ ਦਰਜ ਕੀਤੇ ਹਨ। ਜਦਕਿ ਕਰਫਿਊ ਅਤੇ ਲਾਕਡਾਊਨ ਦੌਰਾਨ ਪੁਲਿਸ ਸਿਰਫ਼ ਜ਼ੁਰਮਾਨਾ ਵਸੂਲ ਕਰਦੀ ਸੀ।

ਬਾਕਸ

ਥਾਣਾ ਕੋਤਵਾਲੀ ਪੁਲਿਸ ਨੇ ਅਮਰੀਕ ਸਿੰਘ ਰੋਡ 'ਤੇ ਬਿਨਾ ਮਾਸਕ ਤੋਂ ਘੁੰਮ ਰਹੇ ਨਵੀਨ ਸ਼ਰਮਾ ਵਾਸੀ ਜੋਗੀ ਨਗਰ, ਜਸ਼ਨਪ੍ਰਰੀਤ, ਅਮਨਦੀਪ ਸਿੰਘ, ਸ਼ਾਹ ਸਿਕੰਦਰ ਵਾਸੀ ਗੋਨਿਆਣਾ ਮੰਡੀ, ਥਾਣਾ ਕੈਨਾਲ ਕਲੋਨੀ ਪੁਲਿਸ ਨੇ ਵਿਨੋਦ ਸੈਣੀ, ਮੁਕੇਸ਼ ਸੈਣੀ ਵਾਸੀ ਭਾਗੂ ਰੋਡ, ਸੁਖਵਿੰਦਰ ਸਿੰਘ ਵਾਸੀ ਬੇਅੰਤ ਸਿੰਘ, ਅਰਜੁਨ ਕੁਮਾਰ ਵਾਸੀ ਧੋਬੀਆਣਾ ਬਸਤੀ, ਰਾਮ ਪੁਕਾਰ, ਕਿਸ਼ੋਰ ਸਾਹਨੀ ਵਾਸੀ ਬੇਅੰਤ ਨਗਰ, ਨਰੇਸ਼ ਸੈਣੀ, ਪਵਨ ਸਾਹਨੀ, ਅਜੇ ਕੁਮਾਰ ਵਾਸੀ ਧੋਬੀਆਣਾ ਬਸਤੀ, ਦੀਪਕ ਕੁਮਾਰ, ਸੁਨੀਲ ਕੁਮਾਰ, ਜਤਿੰਦਰ ਕੁਮਾਰ ਵਾਸੀ ਪ੍ਰਤਾਪ ਨਗਰ, ਪ੍ਰਦੀਪ ਕੁਮਾਰ ਵਾਸੀ ਬਾਬਾ ਦੀਪ ਸਿੰਘ ਨਗਰ, ਜਨਕਰਾਜ ਵਾਸੀ ਸ਼ਹੀਦ ਭਗਤ ਸਿੰਘ ਨਗਰ, ਬਸੰਤ ਸਿੰਘ ਵਾਸੀ ਬੱਲਾ ਰਾਮ ਨਗਰ ਨੂੰ ਬਿਨਾਂ ਮਾਸਕ ਲਾਏ ਘੁੰਮਦੇ ਦੇਖ ਗਿ੍ਫ਼ਤਾਰ ਕੀਤਾ 'ਤੇ ਪਰਚੇ ਦਰਜ ਕੀਤੇ। ਇਸੇ ਤਰ੍ਹਾਂ ਥਾਣਾ ਸਦਰ ਪੁਲਿਸ ਨੇ ਬਿਨਾ ਮਾਸਕ ਪਾਏ ਘੁੰਮ ਰਹੇ ਬੀੜ ਤਲਾਬ ਵਾਸੀ ਵਿਨੋਦ ਕੁਮਾਰ, ਕੋਟਸ਼ਮੀਰ ਦੇ ਸੁਖਮੰਦਰ ਸਿੰਘ, ਪਿੰਡ ਵਿਰਕ ਕਲਾਂ ਦੇ ਹਰਦੀਪ ਸਿੰਘ ਨੂੰ ਗਿ੍ਫਤਾਰ ਕਰ ਕੇ ਪਰਚਾ ਦਰਜ ਕੀਤਾ। ਇਸੇ ਤਰ੍ਹਾਂ ਥਾਣਾ ਨਹੀਆਂ ਵਾਲਾ ਪੁਲਿਸ ਨੇ ਪਾਲ ਸਿੰਘ ਵਾਸੀ ਬਲਾਹੜ ਵਿੰਝੂ, ਬਲਵਿੰਦਰ ਸਿੰਘ, ਜੱਗਾ ਸਿੰਘ ਵਾਸੀ ਨੇਹੀਆਂਵਾਲਾ, ਸ਼ਮਿੰਦਰ ਸਿੰਘ ਵਾਸੀ ਗੋਨਿਆਣਾ ਮੰਡੀ, ਜਸਪਾਲ ਸਿੰਘ, ਰਜਿੰਦਰ ਸਿੰਘ ਵਾਸੀ ਨੇਹੀਆਂਵਾਲਾ, ਨੀਟਾ ਸਿੰਘ, ਬਲਵੰਤ ਸਿੰਘ ਵਾਸੀ ਪਿੰਡ ਖਿੜਕੀਆਂ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਗਿ੍ਫ਼ਤਾਰ ਕਰਕੇ ਪਰਚਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਦਿਆਲਪੁਰਾ ਦੀ ਪੁਲਿਸ ਨੇ ਬਿਨਾ ਮਾਸਕ ਲਾ ਕੇ ਘੁੰਮਣ ਵਾਲੇ ਸਤਨਾਮ ਸਿੰਘ ਤੇ ਰਾਜੂ ਸਿੰਘ ਵਾਸੀ ਸਿਰੀਏਵਾਲਾ, ਥਾਣਾ ਸਦਰ ਰਾਮਪੁਰਾ ਨੇ ਭੂਰਾ ਸਿੰਘ ਵਾਸੀ ਪਿੰਡ ਚਾਉਕੇ, ਥਾਣਾ ਬਾਲਿਆਂਵਾਲੀ ਨੇ ਭਵਨਦੀਪ ਸਿੰਘ ਵਾਸੀ ਮੰਡੀਕਲਾਂ, ਥਾਣਾ ਕੋਟਫੱਤਾ ਨੇ ਲਖਵਿੰਦਰ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ, ਥਾਣਾ ਤਲਵੰਡੀ ਸਾਬੋ ਨੇ ਕਮਲਜੀਤ ਸਿੰਘ ਵਾਸੀ ਤਲਵੰਡੀ ਸਾਬੋ, ਥਾਣਾ ਸੰਗਤ ਨੇ ਬਬਲੂ ਸਿੰਘ ਵਾਸੀ ਲਾਲਬਾਈ ਅਤੇ ਥਾਣਾ ਨੰਦਗੜ੍ਹ ਨੇ ਰਫ਼ੀ ਖਾਨ, ਰਜਿੰਦਰ ਕੁਮਾਰ, ਪ੍ਰਰੇਮਦੀਪ ਸਿੰਘ, ਕੁਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਬੰਬੀਹਾ ਨੂੰ ਗਿ੍ਫ਼ਤਾਰ ਕਰਕੇ ਪਰਚਾ ਦਰਜ ਕੀਤਾ ਹੈ। ਕਥਿੱਤ ਦੋਸ਼ੀਆਂ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਧਾਰਾ 188 ਲਾਈ ਗਈ ਹੈ।

ਬਾਕਸ

ਕਰਫਿਊ ਦੌਰਾਨ ਦੁਕਾਨਾ ਖੋਲਣ ਵਾਲਿਆਂ 'ਤੇ ਪਰਚਾ ਦਰਜ

ਇਸੇ ਤਰ੍ਹਾਂ ਪੁਲਿਸ ਨੇ ਰਾਤ 10 ਵਜੇ ਤੋਂ ਬਾਅਦ ਕਰਫਿਊ ਦੌਰਾਨ ਵੀ ਆਪਣੀਆਂ ਦੁਕਾਨਾਂ ਖੋਲ੍ਹ ਕੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਦੋ ਮਾਮਲੇ ਦਰਜ ਕਰਕੇ ਤਿੰਨ ਦੁਕਾਨਦਾਰਾਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਥਾਣਾ ਤਲਵੰਡੀ ਸਾਬੋ ਪੁਲਿਸ ਦੇ ਏਐਸਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਲਛਮਣ ਸਿੰਘ ਵਾਸੀ ਨੰਗਲਾ ਅਤੇ ਮਲਕੀਤ ਸਿੰਘ ਵਾਸੀ ਭਾਗੀਬਾਂਦਰ ਨੇ ਪਿੰਡ ਸੀਂਗੋ ਵਿਚ ਆਪਣੀ ਵੈਲਡਿੰਗ ਵਾਲੀ ਦੁਕਾਨ ਖੋਲ ਕੇ ਕਰਫਿਊ ਦੀ ਉਲੰਘਣਾ ਕੀਤੀ ਹੈ। ਉਕਤ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਪਰਚਾ ਦਰਜ ਕੀਤਾ ਗਿਆ ਹੈ।

------------

ਬਿਨਾਂ ਮਾਸਕ ਤੋਂ ਘੁੰਮਣ ਵਾਲੇ ਬਠਿੰਡਾ ਵਾਸੀ ਭਰ ਚੁੱਕੇ ਹਨ 31 ਲੱਖ ਰੁਪਏ ਜ਼ੁਰਮਾਨਾ

ਬਠਿੰਡਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਇਕ ਮਹੀਨੇ ਵਿਚ 31 ਲੱਖ ਰੁਪਏ ਜ਼ੁਰਮਾਨਾ ਕੇਵਲ ਮਾਸਕ ਨਾ ਪਾਉਣ ਵਾਲਿਆਂ ਤੋਂ ਵਸੂਲੇ ਗਏ ਹਨ, ਜਦੋਂ ਕਿ 1.10 ਲੱਖ ਰੁਪਏ ਥੁੱਕਣ ਅਤੇ ਹੋਮ ਕੁਅਰੰਟੀਨ ਦੀ ਉਲੰਘਣਾ ਕਰਨ 'ਤੇ 27 ਹਜ਼ਾਰ ਰੁਪਏ ਦਾ ਜ਼ੁਰਮਾਨਾ ਭਰ ਚੁੱਕੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਓਵਰਲੋਡਿੰਗ ਵਿਚ ਸਵਾਰੀਆਂ ਚੁੱਕਣ ਵਾਲੇ ਵਾਹਨਾਂ ਖਾਸਕਰ ਆਟੋ ਅਤੇ ਟੈਕਸੀ ਆਦਿ ਦੇ ਸੈਂਕੜੇ ਚਲਾਨ ਕੱਟੇ ਹਨ। ਪੁਲਿਸ ਦੇ ਰਿਕਾਰਡ ਅਨੁਸਾਰ 22 ਮਾਰਚ ਤੋਂ ਲੈ ਕੇ ਹੁਣ ਤਕ 10 ਹਜ਼ਾਰ ਵਿਅਕਤੀਆਂ ਨੂੰ ਬਿਨਾ ਮਾਸਕ ਘੁੰਮਣ 'ਤੇ 31 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਜਨਤਕ ਥਾਵਾਂ 'ਤੇ ਥੁੱਕਣ ਵਾਲੇ ਇਕ ਹਜ਼ਾਰ ਵਿਅਕਤੀਆਂ ਦੇ ਚਲਾਨ ਕੱਟ ਕੇ ਦੋ ਲੱਖ ਰੁਪਏ ਵਸੂਲੇ ਗਏ ਹਨ ਅਤੇ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ 40 ਵਿਅਕਤੀਆਂ ਤੋਂ 40 ਹਜ਼ਾਰ ਰੁਪਏ ਵਸੂਲੇ ਗਏ ਹਨ। ਇਸੇ ਤਰ੍ਹਾਂ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਕੇ ਸ਼ੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਵਾਲੇ 50 ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ।

ਬਾਕਸ

ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪਹਿਲਾਂ ਕੇਵਲ ਚਲਾਨ ਕਰਕੇ 500 ਰੁਪਏ ਜ਼ੁਰਮਾਨਾ ਵਸੂਲ ਕਰਕੇ ਛੱਡ ਦਿੱਤਾ ਜਾਂਦਾ ਸੀ, ਜਿਸ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ ਸਨ। ਹੁਣ ਸਰਕਾਰ ਨੇ ਜ਼ੁਰਮਾਨੇ ਦੇ ਨਾਲ ਨਾਲ ਪਰਚੇ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ ਤਾਂ ਕਿ ਲੋਕ ਕੇਸ ਦਰਜ ਹੋਣ ਦੇ ਡਰ ਤੋਂ ਮਾਸਕ ਪਾਉਣ ਲੱਗ ਜਾਣ। ਉਨ੍ਹਾਂ ਕਿਹਾ ਕਿ ਇਹ ਸਖਤਾਈ ਲੋਕਾਂ ਦੀ ਭਲਾਈ ਵਾਸਤੇ ਹੀ ਕੀਤੀ ਗਈ ਹੈ ਤਾਂ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਕਿ ਸਾਰੇ ਇਕੱਠੇ ਹੋ ਕੇ ਕੋਰੋਨਾ ਨੂੰ ਮਾਤ ਦੇ ਸਕੀਏ।