ਗੁਰਜੀਵਨ ਸਿੰਘ ਸਿੱਧੂ, ਨਥਾਣਾ : ਥਾਣਾ ਨਥਾਣਾ ਪੁਲਿਸ ਨੇ ਕਾਰਾਂ ਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰ ਲਿਆ ਹੈ। ਥਾਣਾ ਨਥਾਣਾ ਮੁਖੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਮੁਖੀ ਬਠਿੰਡਾ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜਦ ਪੁਲਸ ਪਾਰਟੀ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ 'ਚ ਪਿੰਡ ਬੱਜੋਆਣਾ ਦੇ ਬੱਸ ਅੱਡੇ ਕੋਲ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੀ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਇਕ ਗਿਰੋਹ ਕਾਰ ਚੋਰੀ ਕਰਕੇ ਆ ਰਿਹਾ ਹੈ। ਪੁਲਿਸ ਪਾਰਟੀ ਨੇ ਜਦ ਇਕ ਜੈੱਨ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਪਿੰਡ ਬੱਜੋਆਣਾ ਵੱਲ ਕਾਰ ਭਜਾ ਦਿੱਤੀ। ਪੁਲਸ ਨੇ ਆਪਣੇ ਵਾਹਨ ਨਾਲ ਪਿੱਛਾ ਕਰ ਕੇ ਉਨ੍ਹਾਂ ਨੂੰ ਹਿਰਸਾਤ 'ਚ ਲੈ ਲਿਆ। ਪੁਲਿਸ ਨੇ ਇਸ ਗਿਰੋਹ ਦੇ ਮੈਂਬਰਾਂ ਦੀ ਸ਼ਨਾਖਤ ਬਲਦੇਵ ਸਿੰਘ ਉਰਫ ਅਸੋਕੀ ਪੁੱਤਰ ਦਰਸ਼ਨ ਸਿੰਘ, ਸੁਖਵੰਤ ਸਿੰਘ ਉਰਫ ਨਿੱਕਾ ਪੁੱਤਰ ਦਰਸ਼ਨ ਸਿੰਘ ਵਾਸੀਆਨ ਬਰਨਾਲਾ, ਵਿਕਟਰ ਉਰਫ ਵਿੱਕੀ ਪੁੱਤਰ ਮਧੂ ਤੇ ਪਿ੍ਰਤਪਾਲ ਉਰਫ ਪੀਤਾ ਪੁੱਤਰ ਮਹਿੰਦਰਪਾਲ ਵਾਸੀਆਨ ਹਰੀਹਰ ਝੋਕ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਮੈਂਬਰਾਂ ਨੇ ਤਫਤੀਸ਼ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਇਕ ਕਾਰ ਤੇ 6 ਮੋਟਰਸਾਈਕਲ ਚੋਰੀ ਕੀਤੇ ਸਨ, ਜੋ ਬਰਾਮਦ ਕਰ ਲਏ ਗਏ ਹਨ। ਪੁਲਿਸ ਨੇ ਦੱਸਿਆ ਕਿ ਬਲਦੇਵ ਸਿੰਘ ਉਰਫ ਅਸ਼ੋਕੀ 'ਤੇ ਬਰਨਾਲਾ ਜ਼ਿਲ੍ਹੇ 'ਚ ਸੱਤ/ਅੱਠ ਪਰਚੇ ਦਰਜ ਹਨ ਅਤੇ ਇਸ ਗਿਰੋਹ ਦੇ ਮੈਂਬਰ ਆਪਸ ਵਿਚ ਰਿਸ਼ਤੇਦਾਰ ਹਨ। ਪੁਲਿਸ ਨੇ ਉੱਕਤ ਵਿਅਕਤੀਆਂ 'ਤੇ ਵੱਖ-ਵੱਖ ਧਰਾਵਾਂ ਤਹਿਤ ਐੱਫਆਈਆਰ ਦਰਜ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਕਰਨ ਲਈ ਰਿਮਾਂਡ ਦੀ ਮੰਗ ਕੀਤੀ ਹੈ।