ਵੀਰਪਾਲ ਭਗਤਾ, ਭਗਤਾ ਭਾਈਕਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦਾ ਅਧਿਐਨ ਕਰਨ 'ਤੇ ਸਹਿਜੇ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕੈਪਟਨ ਨੇ ਸੂਬੇ ਦੇ ਲੋਕਾਂ ਵਿਚ ਆਪਣਾ ਵਿਸਵਾਸ਼ ਗਵਾ ਲਿਆ ਹੈ ਅਤੇ ਕੇਜਰੀਵਾਲ ਦੇ ਕੀਤੇ ਕੰਮਾਂ ਕਰਕੇ ਸੂਬੇ ਅਤੇ ਦੇਸ਼ ਦੇ ਲੋਕਾਂ ਵਿਚ ਕੇਜਰੀਵਾਲ ਨੇ ਲੋਕਾਂ ਦਾ ਵਿਸਵਾਸ਼ ਬਣਾਇਆ ਹੈ।

ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਕਿਸਾਨ ਵਿੰਗ) ਦੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਪਿੰਡ ਕੇਸਰ ਸਿੰਘ ਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਦੇ ਪਹਿਲੇ ਪੜਾਅ ਤਹਿਤ ਬਿਜਲੀ ਬਿੱਲ ਸਾੜ੍ਹਨ ਸਬੰਧੀ ਇਕ ਪੋ੍ਗਰਾਮ ਦੌਰਾਨ ਕੀਤਾ। ਭੱਲਾ ਨੇ ਕਿਹਾ ਕਿ ਬੀਤੇ 7 ਸਾਲਾਂ ਦੌਰਾਨ ਕੇਜਰੀਵਾਲ ਸਰਕਾਰ ਦੁਆਰਾ ਕੀਤੇ ਕੰਮਾਂ ਦੀ ਪ੍ਰਸ਼ੰਸ਼ਾ ਦੇਸ਼ਾਂ-ਵਿਦੇਸ਼ਾਂ ਵਿੱਚ ਹੋ ਰਹੀ ਹੈ। ਕੇਜਰੀਵਾਲ ਸਰਕਾਰ ਨੇ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਨਾਂ੍ਹ ਨੂੰ ਪੂਰਾ ਕੀਤਾ ਹੈ, ਜਦਕਿ ਪੰਜਾਬ ਦੇ ਮੁੱਖ ਮੰਤਰੀ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ 'ਚ ਸਫਲ ਨਹੀਂ ਹੋਏ।

ਭੱਲਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਭੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਬਿਜਲੀ ਅੰਦੋਲਨ ਸੂਬੇ ਦੇ ਲੋਕਾਂ ਲਈ ਆਸ ਦੀ ਕਿਰਨ ਸਾਬਤ ਹੋਵੇਗਾ ਕਿਉਂਕਿ ਇਸ ਅੰਦੋਲਨ ਤਹਿਤ ਆਮ ਆਦਮੀ ਪਾਰਟੀ ਵੱਲੋਂ ਸਸਤੀ ਬਿਜਲੀ ਦਾ ਗਰੰਟੀ ਕਾਰਡ ਹਰ ਘਰ ਵਿਚ ਪਹੁੰਚਾਇਆ ਜਾਵੇਗਾ। ਇਸ ਮੌਕੇ ਆਪ ਦੇ ਬਲਾਕ ਪ੍ਰਧਾਨ ਸਵਰਨ ਸਿੰਘ ਕੇਸਰ ਵਾਲਾ, ਡਾ. ਕੇਵਲ ਸਿੰਘ, ਮੋਹਣ ਸਿੰਘ, ਰਣਧੀਰ ਸਿੰਘ, ਪੱਪਾ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।