ਜੇਐੱਨਐੱਨ, ਬਰਨਾਲਾ : ਸੁਖਬੀਰ ਬਾਦਲ ਨੇ ਪੰਜਾਬ 'ਚ ਰੇਤ-ਬਜਰੀ ਅਤੇ ਟਰਾਂਸਪੋਰਟ ਨੂੰ ਤਾਂ ਲੁੱਟਿਆ ਹੀ, ਨਾਲ ਹੀ ਸਿਰਸਾ ਦੇ ਡੇਰਾ ਮੁਖੀ ਨੂੰ ਵੀ ਖ਼ੁਦ ਹੀ ਮਾਫੀ ਦਿੱਤੀ। ਬੇਅਦਬੀ ਕਾਂਡ ਦੌਰਾਨ ਸਿੱਖ ਕੌਮ ਦੀ ਛਾਤੀ ਵਿਚ ਗੋਲੀਆਂ ਵੀ ਮਰਵਾਈਆਂ, ਜਿਸ ਨੂੰ ਸਿੱਖ ਕੌਮ ਕਦੇ ਵੀ ਮਾਫ਼ ਨਹੀਂ ਕਰੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਰਨਾਲਾ ਵਿਖੇ ਸਾਬਕਾ ਐੱਮਪੀ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੇ ਘਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਐੱਮਪੀ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਐੱਮਐੱਲਏ ਮਨਮੋਹਨ ਸਿੰਘ ਸਿਠਆਲਾ, ਅਮਰਪਾਲ ਸਿੰਘ ਬੋਨੀ, ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਹਾਜ਼ਰ ਸਨ। ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਬਾਦਲ ਜਦ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਬਣੇ ਹਨ, ਉਦੋਂ ਤੋਂ ਉਨ੍ਹਾਂ ਨੇ ਪਾਰਟੀ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਮਰਜ਼ੀ ਨਾਲ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦਿੱਤੀ, ਜੋ ਕਿ ਸਿੱਖਾਂ ਨਾਲ ਇਕ ਧੋਖਾ ਹੈ। ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਬਾਦਲ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਅਤੇ ਪੁਰਾਣੇ ਟਕਸਾਲੀ ਆਗੂਆਂ ਨੇ ਇਹ ਪਾਰਟੀ ਬਣਾਈ ਹੈ ਤਾਂ ਜੋ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਤੇ ਸਿੱਖ ਪੰਥ ਦੀ ਸੇਵਾ ਕਰ ਸਕਣ। ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਕੋਲ ਆਪ ਸੁਪਰੀਮੋ ਅਰਵਿੰਦਰ ਕੇਜਰੀਵਾਲ ਦਾ ਸੁਨੇਹਾ ਲੈ ਕੇ ਐੱਮਪੀ ਭਗਵੰਤ ਮਾਨ ਵੀ ਆਏ ਸਨ। ਬੈਂਸ ਭਰਾ ਵੀ ਉਨ੍ਹਾਂ ਨਾਲ ਹਨ। ਉਨ੍ਹਾਂ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਸੰਪਰਕ ਵਿਚ ਹਨ। ਉਹ ਇਕ ਮਹਾਂਗੱਠਜੋੜ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਤੇ ਸਿੱਖ ਪੰਥ ਦੀ ਸੇਵਾ ਲਈ ਅੱਗੇ ਆਉਣ ਵਾਲੀਆਂ ਸਾਰੀਆਂ ਪਾਰਟੀਆਂ ਨਾਲ ਉਹ ਸਮਝੌਤੇ ਲਈ ਤਿਆਰ ਹਨ।

ਸਾਬਕਾ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਕਾਂਗਰਸ ਨੇ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਕੀਤਾ ਹੈ ਤੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਹੈ। ਇਸ ਕਾਰਨ ਕਾਂਗਰਸ ਤੇ ਅਕਾਲੀ ਦਲ ਨਾਲ ਕੋਈ ਸਮਝੌਤਾ ਜਾਂ ਗੱਠਜੋੜ ਨਹੀਂ ਕੀਤਾ ਜਾਵੇਗਾ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਆਪ ਦੇ ਸਾਬਕਾ ਆਗੂ ਐੱਚਐੱਸ ਫੂਲਕਾ ਨੇ ਕੈਬਨਿਟ ਰੈਂਕ ਛੱਡਿਆ, ਐੱਮਐੱਲਏ ਅਹੁਦੇ ਤੋਂ ਅਸਤੀਫ਼ਾ ਦਿੱਤਾ ਤੇ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਮੁਲਜ਼ਮਾਂ ਨੂੰ ਸਜ਼ਾ ਦਿਵਾਈ, ਜੋ ਕਿ ਇਕ ਸ਼ਲਾਘਾਯੋਗ ਕਾਰਜ ਹੈ।