ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਨਗਰ ਮੁਲਤਾਨੀਆਂ ਰੋਡ 'ਤੇ ਜਸਟਿਸ ਫਾਰ ਆਲ ਆਰਗੇਨਾਈਜੇਸ਼ਨ ਪੰਜਾਬ ਦੇ ਉੱਦਮ ਸਦਕਾ ਖੂਨਦਾਨ ਕੈਂਪ ਲਾਇਆ ਗਿਆ। ਖੂਨਦਾਨ ਕੈਂਪ ਵਿਚ 50 ਲੋਕਾਂ ਨੇ ਖੂਨ ਦਿੱਤਾ। ਕੈਂਪ ਵਿਚ ਖੂਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਦੇ ਡਾਕਟਰਾਂ ਪੁੱਜੀ ਹੋਈ ਸੀ। ਜਸਟਿਸ ਫ਼ਾਰ ਆਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰੀ ਓਮ ਠਾਕੁਰ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਵਿਚ ਪੁਲਿਸ ਮੁਲਾਜ਼ਮਾਂ ਨੇ ਵੀ ਖੂਨ ਦਾਨ ਕੀਤਾ। ਇਸ ਮੌਕੇ ਤਿੰਨ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਸਾਰੇ ਖੂਨਦਾਨੀਆਂ ਨੂੰ ਸਰਟੀਫੀਕੇਟ ਤੇ ਮੈਡਲ ਦਿੱਤੇ ਗਏ। ਮੰਚ ਸੰਚਾਲਨ ਕਰ ਰਹੇ ਸੁਖਪਾਲ ਸਿੰਘ ਸਰਾਂ ਨੇ ਸਮਾਜ ਵਿਚ ਅਜਿਹੇ ਨੇਕ ਕੰਮ ਕਰਨ ਦੀ ਹਰ ਇਨਸਾਨ ਨੂੰ ਬੇਨਤੀ ਕੀਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਕੈਂਪ ਵਿਚ ਚਰਨਜੀਤ ਸ਼ਰਮਾ, ਕਰਮਜੀਤ ਸਿੰਘ ਸਿੱਧੂ, ਗੁਰਚਰਨ ਸਿੰਘ, ਲਾਲਜੀਤ ਸਿੰਘ ਤੇ ਪੂਰੀ ਟੀਮ ਨੇ ਆਪਣਾ ਵੱਡਮੁੱਲਾ ਸਹਿਯੋਗ ਦਿੱਤਾ।