style="text-align: justify;"> ਸੱਤਪਾਲ ਸਿਵੀਆਂ, ਗੋਨਿਆਣਾ ਮੰਡੀ : ਵਿਧਵਾ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਬਲੈਕਮੇਲ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਥਾਣਾ ਨੇਹੀਆਂਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੂੰ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਦਰਜ ਕੀਤਾ ਗਿਆ। ਸਥਾਨਕ ਸ਼ਹਿਰ ਦੀ ਰਹਿਣ ਵਾਲੀ ਵਿਧਵਾ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਤੇ ਉਹ ਹੁਣ ਆਪਣੇ ਪੇਕੇ ਪਿੰਡ ਗੋਨਿਆਣਾ ਸ਼ਹਿਰ ਵਿਖੇ ਆਪਣੇ ਮਾਪਿਆਂ ਕੋਲ ਰਹਿ ਰਹੀ ਹੈ। ਪੀੜਤਾ ਦਾ ਕਹਿਣਾ ਹੈ ਕਿ 'ਜੀਵਨਸਾਥੀ ਡਾਟ ਕਾਮ' ਨਾਮਕ ਵੈੱਬਸਾਈਟ ਰਾਹੀਂ ਉਸ ਦੀ ਜਾਣ ਪਛਾਣ ਗਰੀਸ਼ ਸਿੰਧੀ ਨਾਮੀ ਵਿਅਕਤੀ ਨਾਲ ਹੋਈ, ਜਿਸ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੀ ਵੀ ਮੌਤ ਹੋ ਚੁੱਕੀ ਹੈ ਤੇ ਦੋ ਬੱਚੇ ਵਿਦੇਸ਼ 'ਚ ਰਹਿੰਦੇ ਹਨ। ਉਸ ਨੇ ਪੀੜਤਾ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਤੇ ਮਾਪਿਆਂ ਨੂੰ ਵਿਖਾਉਣ ਲਈ ਉਸ ਨੇ ਫੋਟੋਆਂ ਲੈ ਲਈਆਂ। ਪੀੜਤਾ ਨੇ ਦੋਸ਼ ਲਾਇਆ ਕਿ ਗਰੀਸ਼ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੀਆਂ ਐਡਿਟ ਕੀਤੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੰਜ ਲੱਖ ਰੁਪਏ ਦੀ ਮੰਗ ਕਰਨ ਲੱਗਾ। ਦੁਖੀ ਹੋ ਕੇ ਉਹ ਆਪਣਾ ਸਹੁਰਾ ਘਰ ਛੱਡ ਕੇ ਪੇਕੇ ਪਿੰਡ ਗੋਨਿਆਣਾ ਸ਼ਹਿਰ ਵਿਖੇ ਰਹਿਣ ਲੱਗੀ ਪਰ ਇੱਥੇ ਵੀ ਕਥਿਤ ਬਲੈਕਮੇਲਰ ਨੇ ਉਸਦਾ ਪਿੱਛਾ ਨਾ ਛੱਡਿਆ। ਮੁਲਜ਼ਮ ਨੇ ਫੋਨ ਉੱਪਰ ਉਸ ਦੀ ਮਾਂ ਨੂੰ ਵੀ ਬੁਰਾ ਭਲਾ ਕਿਹਾ ਅਤੇ ਭੱਦੀ ਸ਼ਬਦਾਵਲੀ ਵਰਤੀ। ਉਸ ਦੀਆਂ ਗਲਤ ਤਰੀਕੇ ਨਾਲ ਬਣਾਈਆਂ ਫੋਟੋਆਂ ਉਸ ਦੇ ਭਰਾ ਨੂੰ ਭੇਜ ਕੇ ਡਰਾਇਆ-ਧਮਕਾਇਆ ਤੇ ਉਨ੍ਹਾਂ ਕੋਲੋਂ ਵੀਹ ਹਜ਼ਾਰ ਰੁਪਏ ਪੇਟੀਐੱਮ ਰਾਹੀਂ ਹੜੱਪ ਲਏ। ਦੁਖੀ ਹੋ ਕੇ ਪੀੜਤਾ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੂੰ ਦਰਖ਼ਾਸਤ ਦਿੱਤੀ ਗਈ। ਪੁਲਿਸ ਦੀ ਪੜਤਾਲ ਤੋਂ ਬਾਅਦ ਵਿਧਵਾ ਦੇ ਬਿਆਨਾਂ ਉੱਪਰ ਗਰੀਸ਼ ਸਿੰਧੀ ਪੁੱਤਰ ਮਹੇਸ਼ ਸਿੰਧੀ ਵਾਸੀ ਵਿਜੇ ਵਿਹਾਰ ਫੇਜ 1 ਦਿੱਲੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।