ਹਰਭਜਨ ਸਿੰਘ ਖ਼ਾਲਸਾ, ਤਲਵੰਡੀ ਸਾਬੋ : ਗੁਲਾਬੀ ਸੁੰਡੀ ਨਾਲ ਖਰਾਬ ਹੋਈ ਨਰਮੇ ਦੀ ਫਸਲ ਦਾ ਕਿਸਾਨਾਂ ਨੂੰ ਅਜੇ ਤਕ ਮੁਆਵਜ਼ਾ ਨਾ ਮਿਲਣ ਤੋਂ ਅੱਕੇ ਕਿਸਾਨਾਂ ਨੇ ਅੱਜ ਬੀਕੇਯੂ ਏਕਤਾ (ਉਗਰਾਹਾਂ) ਦੀ ਅਗਵਾਈ ਵਿਚ ਐੱਸਡੀਐੱਮ ਤਲਵੰਡੀ ਸਾਬੋ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਧਰਨੇ ਨੂੰ ਸਬੋਧਨ ਕਰਦਿਆਂ ਬਲਾਕ ਜਨਰਲ ਸਕੱਤਰ ਕਾਲਾ ਸਿੰਘ ਚੱਠੇਵਾਲਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਗਿਆਨਾ, ਕਲੱਤਰ ਸਿੰਘ ਕਲਾਲਵਾਲਾ, ਨਛੱਤਰ ਸਿੰਘ ਬਹਿਮਣ ਤੇ ਗੁਰਤੇਜ ਸਿੰਘ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਨਰਮੇ ਦੀ ਫਸਲ ਗੁਲਾਬੀ ਸੁੰਡੀ ਨੇ ਤਬਾਹ ਕਰ ਦਿੱਤੀ ਤੇ ਹੁਣ ਕਣਕ ਦਾ ਝਾੜ ਘੱਟ ਨਿਕਲਣ ਕਰਕੇ ਪਹਿਲਾਂ ਹੀ ਆਰਥਿਕ ਤੌਰ 'ਤੇ ਮੰਦਹਾਲੀ ਵਿਚੋਂ ਲੰਘ ਰਹੇ ਕਿਸਾਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਨਰਮੇ ਦੀ ਖਰਾਬ ਫਸਲ ਦਾ ਪ੍ਰਸ਼ਾਸਨ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਤੇ ਟਾਲ ਮਟੋਲ ਕੀਤੀ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਮੁਆਵਜ਼ਾ ਲੈਣ ਲਈ ਕਈ ਵਾਰ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਹੋਈਆਂ ਤੇ ਧਰਨੇ ਮੁਜ਼ਾਹਰੇ ਵੀ ਕੀਤੇ ਗਏ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਨਾਂ੍ਹ ਕਿਹਾ ਕਿ ਬਲਾਕ ਦੇ ਕਿਸੇ ਵੀ ਪਿੰਡ ਵਿਚ ਪੂਰਾ ਮੁਆਵਜ਼ਾ ਨਹੀਂ ਪਾਇਆ ਗਿਆ। ਜਦ ਕਿ ਸੋਸ਼ਲ ਮੀਡੀਆ ਅਤੇ ਕਾਗਜ਼ਾਂ ਵਿਚ ਪੂਰਾ ਮੁਆਵਜ਼ਾ ਪਾਇਆ ਦੱਸਿਆ ਜਾ ਰਿਹਾ ਹੈ। ਬੁਲਾਰਿਆਂ ਨੇ ਆਖਿਆ ਕਿ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਹਨ ਕਿ ਡੀਸੀ ਵੱਲੋਂ ਹੁਣ ਨਰਮੇ ਵਾਲਾ ਕੰਮ ਬੰਦ ਕਰਕੇ ਪੈਸੇ ਵਾਪਸ ਕਰਨ ਦੇ ਆਦੇਸ਼ ਆ ਰਹੇ। ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤਕ ਕਿਸਾਨਾਂ ਨੂੰ ਨਰਮੇ ਦੇ ਮੁਆਵਜ਼ੇ ਅਤੇ ਖੇਤ ਮਜ਼ਦੂਰਾਂ ਨੂੰ ਨਰਮੇ ਦੀ ਚੁਗਾਈ ਦੇ ਪੈਸੇ ਨਹੀਂ ਦਿੱਤੇ ਜਾਂਦੇ, ਤਦ ਤਕ ਧਰਨਾ ਜਾਰੀ ਰਹੇਗਾ। ਧਰਨੇ ਵਿਚ ਕਿਸਾਨ ਤੇ ਮਜ਼ਦੂਰ ਅੌਰਤਾਂ ਵੀ ਸ਼ਾਮਲ ਹੋਈਆਂ।