ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸੂਬੇ ਦੇ ਕਾਂਗਰਸੀ ਤੇ ਅਕਾਲੀ ਦਲ ਦੇ ਲੀਡਰਾਂ ਵਿਚਕਾਰ ਗੈਂਗਸਟਰਾਂ ਨੂੰ ਲੈ ਕੇ ਹੋ ਰਹੀ ਬਿਆਨਬਾਜ਼ੀ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਜ਼ਿਲ੍ਹੇ ਦੇ ਪਿੰਡ ਜਗ੍ਹਾ ਰਾਮ ਤੀਰਥ ਦੀ ਜੰਬਰ ਬਸਤੀ ਦੀ ਸਾਬਕਾ ਮਹਿਲਾ ਸਰਪੰਚ ਦੇ ਪਤੀ ਹਰਜਿੰਦਰ ਸਿੰਘ ਬਿੱਟੂ ਦੀ ਤਸਵੀਰ ਵਾਇਰਲ ਕਰਕੇ ਗੈਂਗਸਟਰ ਦੱਸਣ ਦੇ ਮਾਮਲੇ ਵਿਚ ਬਿੱਟੂ ਨੇ ਮਾਣਹਾਣੀ ਦਾ ਕੇਸ ਦਾਇਰ ਕਰਨ ਦਾ ਐਲਾਨ ਕੀਤਾ ਹੈ। ਅੱਜ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਬਿੱਟੂ ਸਰਪੰਚ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਉਸ ਨੂੰ ਗੈਂਗਸਟਰ ਕਹਿਣ ਵਾਲੇ ਆਗੂ ਦੱਸਣ ਕਿ ਕਿਸ ਅਧਾਰ ’ਤੇ ਉਸ ਨੂੰ ਗੈਂਗਸਟਰਾਂ ਦੀ ਸੂਚੀ ਵਿਚ ਸ਼ਾਮਲ ਕਰ ਰਹੇ ਹਨ। ਉਸ ਨੇ ਕਿਹਾ ਮੁੱਖ ਮੰਤਰੀ ਜਿਹੜੇ ਸੱਤ ਕੇਸਾਂ ਦੀ ਗੱਲ ਕਰ ਰਹੇ ਹਨ, ਉਨ੍ਹਾਂ ਵਿਚੋਂ ਅਦਾਲਤ ਉਸ ਨੂੰ ਬਾਇੱਜ਼ਤ ਬਰੀ ਕਰ ਚੁੱਕੀ ਹੈ। ਇਸ ਸਮੇਂ ਉਸ 'ਤੇ ਕੋਈ ਕੇਸ ਦਰਜ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਰੰਜਿਸ਼ ਤਹਿਤ ਉਸ ਨੂੰ ਕਈ ਝੂਠੇ ਕੇਸਾਂ ਵਿਚ ਫ਼ਸਾਇਆ ਗਿਆ ਸੀ, ਇਸੇ ਕਾਰਨ ਅਦਾਲਤ ਉਸ ਨੂੰ ਬਰੀ ਕਰ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਤਕ ਉਸ ਨੇ ਕਿਸੇ ਵੀ ਗੈਂਗਸਟਰ ਨੂੰ ਕਦੇ ਪਨਾਹ ਨਹੀਂ ਦਿੱਤੀ ਤੇ ਨਾ ਹੀ ਉਸ ਦਾ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਨਸ਼ੇ ਖਤਮ ਕਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਕਰਨ ਲਈ ਗੁਟਕਾ ਸਾਹਿਬ ਹੱਥ ’ਚ ਫੜ੍ਹ ਕੇ ਸਹੁੰ ਖਾਧੀ ਸੀ ਤਾਂ ਉਹ ਹੋਰਨਾਂ ਸਿੱਖਾਂ ਵਾਂਗ ਕੈਪਟਨ ਵੱਲ ਖਿੱਚੇ ਗਏ ਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।

ਹਰਜਿੰਦਰ ਬਿੱਟੂ ਨੇ ਅੱਗੇ ਕਿਹਾ ਕਿ ਗੈਂਗਸਟਰ ਕਹਿਣ ਵਾਲੇ ਇਹ ਸਾਬਤ ਕਰਨ ਕਿ ਕਿਸ ਗੱਲ ਕਰਕੇ ਉਸ ਨੂੰ ਗੈਂਗਸਟਰ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਕੇ ਮਾਣਹਾਣੀ ਦਾ ਕੇਸ ਦਾਇਰ ਕਰਨਗੇ।

ਹਰਜਿੰਦਰ ਸਿੰਘ ਬਿੱਟੂ ਦੀ ਪਤਨੀ ਪਿਛਲੇ ਪਲਾਨ ਵਿਚ ਪਿੰਡ ਜਗ੍ਹਾ ਰਾਮ ਤੀਰਥ ਦੀ ਜੰਬਰ ਬਸਤੀ ਦੀ ਸਰਪੰਚ ਰਹੀ ਹੈ। ਬਿੱਟੂ ਸਰਪੰਚ ਅਕਾਲੀ ਦਲ ਦੇ ਤਲਵੰਡੀ ਸਾਬੋ ਦੇ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਨੇੜੇ ਰਿਹਾ ਹੈ, ਪਰ ਵਿਧਾਨ ਸਭਾ ਚੋਣਾਂ ਸਮੇਂ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ। ਬਿੱਟੂ

ਖ਼ਿਲਾਫ਼ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਵਗੈਰਾ ਨੂੰ ਪਨਾਹ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ ਜਿਸ ਵਿਚੋਂ ਉਸ ਨੇ ਬਾਇੱਜ਼ਤ ਬਰੀ ਹੋਣ ਦਾ ਦਾਅਵਾ ਕੀਤਾ ਹੈ।

Posted By: Akash Deep