ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਪੰਜਾਬ ਵਿਚ ਸ਼ਾਮਲ ਜੱਥੇਬੰਦੀਆਂ ਨੇ ਮੰਗਲਵਾਰ ਨੂੰ ਬਠਿੰਡਾ ਦੀ ਦਾਣਾ ਮੰਡੀ ਵਿੱਚ ਕੇਂਦਰ ਸਰਕਾਰ ਵੱਲੋਂ ਧਾਰਾ 370 ਅਤੇ 35 ਏ ਨੂੰ ਤੋੜਨ ਅਤੇ ਜੰਮੂ ਕਸ਼ਮੀਰ ਨੂੰ ਵੰਡਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਅਤੇ ਕਸ਼ਮੀਰੀ ਲੋਕਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਖ਼ਿਲਾਫ਼ ਇਕ ਵਿਸ਼ਾਲ ਰੈਲੀ ਕਰਨ ਉਪਰੰਤ ਰੋਸ ਮਾਰਚ ਕੱਢਿਆ।

ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਔਰਤ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ, ਸ਼ਿਗਾਰਾ ਸਿੰਘ ਮਾਨ, ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੱਗੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜ਼ੋਰਾ ਸਿੰਘ ਨਸਰਾਲੀ, ਸੇਵਕ ਸਿੰਘ ਮਹਿਮਾ ਸਰਜਾ, ਤੀਰਥ ਸਿੰਘ ਕੋਠਾਗੁਰੂ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਕੁਮਾਰ ਘੁੱਦਾ ਆਦਿ ਆਗੂਆਂ ਨੇ ਕਿਹਾ ਕਿ ਭਾਰਤੀ ਹਾਕਮਾਂ ਨੇ 72 ਸਾਲ ਤੋਂ ਕਸ਼ਮੀਰ ਦੇ ਲੋਕਾਂ ਨੂੰ ਫੌਜਾਂ ਦੀ ਤਾਕਤ ਨਾਲ ਦਬਾ ਕੇ ਰੱਖਿਆ ਹੋਇਆ ਹੈ ਜਦੋਂ ਕਿ ਉੱਥੇ ਫੌਜਾਂ ਭੇਜਣ ਵੇਲੇ ਵਾਅਦਾ ਕੀਤਾ ਸੀ ਕਿ ਅਮਨ-ਅਮਾਨ ਹੋਣ 'ਤੇ ਰਾਏ-ਸ਼ੁਮਾਰੀ ਕਰਵਾ ਕੇ ਉੱਥੋਂ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦਿੱਤਾ ਜਾਵੇਗਾ ਤਾਂ ਕਿ ਉਹ ਇਹ ਫੈਸਲਾ ਕਰ ਸਕਣ ਕਿ ਕਿਹੜੇ ਦੇਸ਼ ਨਾਲ ਜਾਣਾ ਜਾਂ ਆਪਣੇ ਵੱਖਰੇ ਮੁਲਕ ਦੇ ਤੌਰ 'ਤੇ ਰਹਿਣਾ ਹੈ। ਪਰ ਹੁਣ ਤਕ ਬਣੀਆਂ ਸਭ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਉਹਨਾਂ ਦੀ ਇਹ ਮੰਗ ਪੂਰੀ ਕਰਨ ਦੀ ਬਜਾਏ ਹਮੇਸ਼ਾਂ ਧੋਖੇ ਭਰੀਆਂ ਚਾਲਾਂ ਖੇਡੀਆਂ ਗਈਆਂ। ਭਾਰਤੀ ਹਾਕਮਾਂ ਨੇ ਖੋਟੇ ਮਨਸੂਬਿਆਂ ਦੀ ਪੂਰਤੀ ਲਈ ਫ਼ੌਜੀ ਤਾਕਤ ਦੀ ਸ਼ਰੇਆਮ ਵਰਤੋਂ ਕਰਨ ਦੇ ਨਾਲ ਅਫ਼ਸਪਾ ਵਰਗੇ ਕਾਨੂੰਨ ਮੜ੍ਹਕੇ ਕਸ਼ਮੀਰ 'ਤੇ ਕਬਜ਼ਾ ਕਾਇਮ ਰੱਖਿਆ ਗਿਆ। ਹੁਣ ਮੋਦੀ ਸ਼ਾਹ ਜੋੜੀ ਨੇ ਵਿਖਾਵੇ ਲਈ ਬਣਾਏ ਸਾਰੇ ਕਾਨੂੰਨਾਂ ਨੂੰ ਉਲੰਘ ਕੇ ਸ਼ਰੇਆਮ ਫ਼ੌਜੀ ਕਬਜ਼ਾ ਕਰਕੇ ਲੋਕਾਂ ਨੂੰ ਘਰਾਂ ਅੰਦਰ ਕੈਦ ਕਰ ਦਿੱਤਾ ਹੈ। ਸਭ ਕਿਸਮ ਦੇ ਸੰਚਾਰ ਸਾਧਨਾਂ ਨੂੰ ਬੰਦ ਕਰਕੇ ਦੁਨੀਆ ਨਾਲੋਂ ਕਸ਼ਮੀਰ ਨੂੰ ਕੱਟ ਦਿੱਤਾ ਹੈ। ਮੋਦੀ ਸਰਕਾਰ ਵੱਲੋਂ ਕਸ਼ਮੀਰ ਦੇ ਵਿਕਾਸ ਕਰਨ ਦੇ ਦਿੱਤੇ ਬਿਆਨਾਂ ਨੂੰ ਧੋਖੇ ਭਰੀ ਬਿਆਨਬਾਜ਼ੀ ਦੱਸਦਿਆਂ ਕਿਹਾ ਹੈ ਕਿ ਅਸਲ ਵਿੱਚ ਸਰਕਾਰ ਕਾਰਪੋਰੇਟ ਜਗਤ ਨੂੰ ਉੱਥੇ ਦੇ ਮਾਲ-ਖ਼ਜਾਨਿਆਂ ਤੇ ਲੋਕਾਂ ਦੀ ਲੁੱਟ-ਖਸੁੱਟ ਕਰਨ ਅਤੇ ਉਨ੍ਹਾਂ ਦੇ ਰੁਜ਼ਗਾਰ 'ਤੇ ਕਬਜ਼ਾ ਕਰਨ ਦੀ ਖੁੱਲ੍ਹ ਦੇ ਰਹੀ ਹੈ।

ਰੈਲੀ ਵਿੱਚ ਹਾਜ਼ਰ ਲੋਕਾਂ ਨੇ ਮਨਜੀਤ ਧਨੇਰ ਦੀ ਉਮਰ ਕੈਦ ਦੀ ਕੀਤੀ ਸਜ਼ਾ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ। ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਬੁਰਜ ਸੇਮਾ, ਮੋਹਣਾ ਸਿੰਘ ਚੱਠੇਵਾਲ, ਬਲਜੀਤ ਸਿੰਘ ਪੂਹਲਾ, ਮਾਸਟਰ ਸੁਖਦੇਵ ਸਿੰਘ ਜਵੰਦਾ, ਅਮਰੀਕ ਸਿੰਘ ਸਿਵੀਆਂ, ਬਲਵਿੰਦਰ ਸਿੰਘ ਮਾਲੀ, ਜਰਨੈਲ ਸਿੰਘ ਚਨਾਰਥਲ, ਮਨਦੀਪ ਸਿੰਘ ਸਿਵੀਆਂ, ਬਸੰਤ ਸਿੰਘ ਕੋਠਾਗੁਰੂ ਆਦਿ ਆਗੂਆਂ ਨੇ ਵਿਚਾਰ ਪੇਸ਼ ਕਰਦਿਆਂ ਲੋਕਾਂ ਨੂੰ ਮੋਦੀ ਸਰਕਾਰ ਵੱਲੋਂ ਕਸ਼ਮੀਰੀ ਲੋਕਾਂ 'ਤੇ ਕੀਤੇ ਜਾ ਰਹੇ ਜ਼ਬਰ ਅਤੇ ਉਹਨਾਂ ਦੇ ਸਵੈ-ਨਿਰਣੇ ਦੇ ਹੱਕ ਦੀ ਬਹਾਲੀ ਲਈ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਅਜਮੇਰ ਸਿੰਘ ਅਕਲੀਆ ਅਤੇ ਨਿਰਮਲ ਸਿੰਘ ਸਿਵੀਆ ਨੇ ਲੋਕ ਪੱਖੀ ਗੀਤ ਸੰਗੀਤ ਪੇਸ਼ ਕੀਤੇ।

Posted By: Jagjit Singh