ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸੰਸਦ ਵੱਲ ਮਾਰਚ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਗਿ੍ਫ਼ਤਾਰੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਬਠਿੰਡਾ ਜ਼ਿਲ੍ਹੇ 'ਚ ਅੱਠ ਥਾਵਾਂ ਅਣਮਿਥੇ ਸਮੇਂ ਲਈ ਸੜਕਾਂ ਜਾਮ ਕੀਤੀਆਂ ਗਈਆਂ। ਕਿਸਾਨਾਂ ਨੇ ਇਸ ਮੌਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਿਸਾਨੀ ਮੰਗਾਂ ਦੇ ਹੱਲ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ, ਜਨਰਲ ਸਕੱਤਰ ਰੇਸ਼ਮ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸਦੋਹਾ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਰਾਜਸਥਾਨ, ਕੇਰਲਾ, ਮੱਧ ਪ੍ਰਦੇਸ਼, ਯੂਪੀ, ਮਹਾਰਾਸ਼ਟਰ, ਜੰਮੂ ਕਸ਼ਮੀਰ, ਗੁਜਰਾਤ ਆਦਿ ਸੂਬਿਆਂ ਦੇ ਆਗੂ ਕਰਨਾਟਕ ਦੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਸੰਸਦ ਵੱਲ ਮਾਰਚ ਕਰਦੇ ਹੋਏ ਸਰਕਾਰ ਨੂੰ ਮੰਗ ਪੱਤਰ ਦੇਣ ਜਾ ਰਹੇ ਸੀ। ਇਸ ਦੌਰਾਨ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਗਿ੍ਫਤਾਰ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਨਾਂ੍ਹ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਗੈਰਰਾਜਨੀਤਕ ਸੰਯੁਕਤ ਕਿਸਾਨ ਮੋਰਚੇ ਦੀ ਆਲ ਇੰਡੀਆ ਦੀ ਮੀਟਿੰਗ ਕਰਨਾਟਕ ਵਿਚ ਰੱਖੀ ਗਈ ਸੀ, ਜਿਸ ਵਿਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਕਰਨਾਟਕ ਗਏ ਹੋਏ ਸਨ। ਇਸ ਦੌਰਾਨ ਕਰਨਾਟਕਾ ਅਤੇ ਕੇਂਦਰ ਦੀ ਸਰਕਾਰ ਨੇ ਕਿਸਾਨੀ ਵਿਰੋਧੀ ਹੁੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਗੈਰਰਾਜਨੀਤਕ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੇ ਰੋਸ ਵਜੋਂ ਅੱਜ ਬਠਿੰਡਾ ਜ਼ਿਲ੍ਹੇ ਵਿਚ ਨਥਾਣਾ ਬਲਾਕ ਵੱਲੋਂ ਬਠਿੰਡਾ ਚੰਡੀਗੜ੍ਹ ਹਾਈਵੇਅ 'ਤੇ ਲਹਿਰਾ ਮੁਹੱਬਤ, ਬਲਾਕ ਰਾਮਪੁਰਾ ਵਿਖੇ ਰਾਮਪੁਰਾ ਮੌੜ ਮੰਡੀ ਸੜਕ 'ਤੇ ਪਿੰਡ ਮੰਡੀ ਕਲਾਂ ਤੇ ਰਾਮਪੁਰਾ ਵਿਚ ਬਠਿੰਡਾ ਚੰਡੀਗੜ੍ਹ ਸੜਕ 'ਤੇ ਰਿਲਾਇੰਸ ਪੰਪ ਨੇੜੇ, ਬਠਿੰਡਾ ਬਲਾਕ ਵੱਲੋਂ ਗੋਨਿਆਣਾ ਵਿਚ, ਬਲਾਕ ਸੰਗਤ ਵੱਲੋਂ ਬਠਿੰਡਾ ਡੱਬਵਾਲੀ ਰੋਡ 'ਤੇ ਪਿੰਡ ਗੁਰਥੜੀ, ਤਲਵੰਡੀ ਸਾਬੋ ਵਿਚ ਰਾਮਦਾਸ ਚੌਕ, ਮੌੜ ਬਲਾਕ ਵੱਲੋਂ ਹਰਿਆਲੀ ਪੰਪ ਕੋਲ ਰੋਡ ਜਾਮ ਅਤੇ ਪਿੰਡ ਕੋਟਸ਼ਮੀਰ ਕੋਲ ਬਠਿੰਡਾ ਮਾਨਸਾ ਅਤੇ ਬਠਿੰਡਾ ਤਲਵੰਡੀ ਸਾਬੋ ਸੜਕਾਂ ਜਾਮ ਕੀਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਆਗੂਆਂ ਨੂੰ ਰਿਹਾਅ ਨਾ ਕੀਤਾ ਤਾਂ ਸਾਰੇ ਪੰਜਾਬ ਦੇ ਰੋਡ ਜਾਮ ਕੀਤੇ ਜਾਣਗੇ, ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਬਾਕੀ ਆਗੂਆਂ ਨੂੰ ਰਿਹਾਅ ਕਰਨ ਤਕ ਜਾਰੀ ਰਹਿਣਗੇ। ਇਸ ਲਈ ਭਾਵੇਂ ਜਥੇਬੰਦੀ ਨੂੰ ਕਿੰਨਾ ਵੀ ਤਿੱਖਾ ਸੰਘਰਸ਼ ਕਿਉਂ ਨਾ ਕਰਨਾ ਪੈ ਜਾਵੇ।

ਬਾਕਸ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਵਿਸ਼ੇਸ਼ ਮੀਟਿੰਗ ਜਸਵੀਰ ਸਿੰਘ ਸਿੱਧੂਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਹੇਠ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਵਾਅਦਾ ਖ਼ਿਲਾਫ਼ ਵਿਰੁੱਧ ਵਿੱਢੇ ਜਾਣ ਵਾਲੇ ਤਿੱਖੇ ਸੰਘਰਸ਼ ਦੀ ਅੱਜ ਦੀ ਮੀਟਿੰਗ ਵਿੱਚ ਰੂਪ ਰੇਖਾ ਤਿਆਰ ਕੀਤੀ ਗਈ ਹੈ। ਪੰਜਾਬ ਦੇ ਮਸਲਿਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਦੀ 2 ਅਗਸਤ ਨੂੰ ਹੋਈਆਂ ਮੀਟਿੰਗਾਂ ਵਿਚ ਸਰਕਾਰ ਵੱਲੋ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਅਜੇ ਤਕ ਪੂਰੇ ਨਹੀਂ ਕੀਤੇ। ਗੰਨੇ ਦੀ ਸਾਰੀ ਬਕਾਇਆ ਰਾਸ਼ੀ ਦੀ ਅਦਾਇਗੀ 7 ਸਤੰਬਰ ਤਕ ਕਰਨ ਦਾ ਸਰਕਾਰ ਨੇ ਵਾਅਦਾ ਕੀਤਾ, ਪਰ ਸਰਕਾਰ ਨੇ ਪ੍ਰਰਾਈਵੇਟ ਮਿੱਲਾਂ ਦਾ ਪੈਸਾ ਜਾਰੀ ਨਹੀਂ ਕੀਤਾ। ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਰਹਿੰਦੇ ਪ੍ਰਰੀਵਾਰਾ ਨੂੰ 5 ਲੱਖ ਦਾ ਮੁਆਵਜ਼ਾ ਦੇਣ, ਕਣਕ ਦਾ ਬੋਨਸ, ਖੇਤੀਬਾੜੀ ਮਹਿਕਮੇ ਦੀ ਲਾਪ੍ਰਵਾਹੀ ਅਤੇ ਚਿੱਟੇ ਮੱਛਰ ਕਾਰਨ ਨਰਮੇ ਦਾ ਨੁਕਸਾਨ, ਗੜੇਮਾਰੀ ਨਾਲ ਖਰਾਬ ਹੋਈ ਬਾਸਮਤੀ ਅਤੇ ਘਾਟੇ ਵਿਚ ਵਿਕੀ ਅਤੇ ਖੇਤਾਂ 'ਚ ਖਰਾਬ ਹੋਈ ਮੂੰਗੀ ਦੇ ਨੁਕਸਾਨ ਦੀ ਪੂਰਤੀ ਅਤੇ ਮੀਟਿੰਗ ਵਿਚ ਮੰਨੀਆਂ ਗਈਆਂ ਮੰਗਾਂ ਦੀ ਪੂਰਤੀ ਲਈ 30 ਸਤੰਬਰ ਨੂੰ ਮਾਝਾ, ਮਾਲਵਾ ਅਤੇ ਦੋਆਬੇ ਵਿਚ ਨੈਸ਼ਨਲ ਹਾਈਵੇ ਅਣਮਿਥੇ ਸਮੇਂ ਲਈ ਧਰਨਾ ਦੇ ਕੇ ਬੰਦ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਸਰਕਾਰ ਨੂੰ ਅਪੀਲ ਤੇ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਤੁਰੰਤ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਨਾਂ੍ਹ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।