ਹਰਭਜਨ ਸਿੰਘ ਖ਼ਾਲਸਾ, ਤਲਵੰਡੀ ਸਾਬੋ : ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ 'ਤੇ ਆਮ ਆਦਮੀ ਪਾਰਟੀ ਗੁੰਮਰਾਹ ਕਰ ਰਹੀ ਹੈ ਕਿਉਂਕਿ ਸੱਤ ਬੰਦੀ ਸਿੰਘ ਤਾਂ ਦਿੱਲੀ ਅਤੇ ਪੰਜਾਬ ਦੀਆਂ ਜੇਲ੍ਹਾਂ ਚ ਬੰਦ ਹਨ ਅਤੇ ਦੋਵੇਂ ਥਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ ‘ਆਪ’ ਸੱਚਮੁੱਚ ਗੰਭੀਰ ਹੈ ਤਾਂ ਉਨ੍ਹਾਂ ਸੱਤ ਬੰਦੀ ਸਿੰਘਾਂ ਨੂੰ ਤਾਂ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਰਾਜਕੁਮਾਰ ਵੇਰਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਇੱਥੇ ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਮੂਲੀਅਤ ਕਰਨ ਪੁੱਜੇ ਸਾਬਕਾ ਮੰਤਰੀ ਨੇ ਦਾਅਵਾ ਕੀਤਾ ਕਿ ਚਾਰ ਬੰਦੀ ਸਿੱਖ ਪੰਜਾਬ ਦੀਆਂ ਜੇਲ੍ਹਾਂ ਅਤੇ ਤਿੰਨ ਦਿੱਲੀ ਦੀਆਂ ਜੇਲ੍ਹਾਂ 'ਚ ਹਨ, ਜਿਨ੍ਹਾਂ ਦੀ ਰਿਹਾਈ ਪੰਜਾਬ ਦੀ ਭਗਵੰਤ ਮਾਨ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਤੇ ਕੇਂਦਰ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪਹਿਲਾਂ ‘ਆਪ’ ਸਰਕਾਰਾਂ ਘੇਰਨੀਆਂ ਚਾਹੀਦੀਆਂ ਹਨ।

ਇੱਕ ਸਵਾਲ ਦੇ ਜਵਾਬ ਵਿੱਚ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਅੱਜ ਲੁਧਿਆਣਾ 'ਚ ਕਚਿਹਰੀਆਂ ਦੇ ਬਾਹਰ ਫਾਇਰਿੰਗ ਹੋਈ ਹੈ ਪਰ ਸਰਕਾਰ ਨਾਂ ਦੀ ਚੀਜ਼ ਕਿਧਰੇ ਨਜ਼ਰ ਨਹੀ ਆ ਰਹੀ। ਇਸੇ ਲਈ ਪੰਜਾਬ ਦੇ ਉਦਯੋਗ ਪਲਾਇਨ ਕਰ ਰਹੇ ਹਨ। ਨੌਜਵਾਨ ਜਿੱਥੇ ਨਸ਼ਿਆਂ 'ਚ ਗਰਕ ਹੋ ਰਹੇ ਹਨ, ਉੱਥੇ ਉਦਯੋਗਾਂ ਦੇ ਚਲੇ ਜਾਣ ਕਾਰਨ ਉਨ੍ਹਾਂ ਦਾ ਭਵਿੱਖ ਵੀ ਖਤਰੇ 'ਚ ਪੈ ਜਾਵੇਗਾ। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਲੋਕ ਵਿਰੋਧੀ ਦੱਸਣ ਦੇ ਸਵਾਲ 'ਤੇ ਵੇਰਕਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਗਵੰਤ ਮਾਨ ਨੂੰ ਤਾਂ ਬਜਟ ਦੇ ਸਪੈਲਿੰਗ ਤੱਕ ਨਹੀਂ ਆਉਂਦੇ ਇਹ ਕੀ ਨਿਖੇਧੀ ਕਰਨਗੇ।

Posted By: Jagjit Singh