ਗੁਰਤੇਜ ਸਿੰਘ ਸਿੱਧੂ, ਬਠਿੰਡਾ : ਬਠਿੰਡਾ ਤੋਂ ਰਾਜਪੁਰਾ ਰੇਲਵੇ ਲਾਈਨ ਨੂੰ ਦੋਹਰੀ ਕਰਨ ਦਾ ਪ੍ਰਾਜੈਕਟ ਪੂਰਾ ਹੋਣ ਦੀ ਆਸ ਬੱਝੀ ਹੈ। ਸਰਕਾਰ ਤੋਂ ਮਨਜ਼ੂਰੀ ਮਿਲਣ ਮਗਰੋਂ ਰੇਲਵੇ ਨੇ ਟਰੈਕ ਦੂਹਰਾ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਕਰੀਬ 172.44 ਕਿਲੋਮੀਟਰ ਦੂਰੀ ਵਾਲੀ ਰੇਲਵੇ ਲਾਈਨ ਲਈ ਜ਼ਮੀਨ ਅਕਵਾਇਰ ਕਰਨ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਪ੍ਰਾਜੈਕਟ ਭਾਵੇਂ ਰਾਜਪੁਰਾ ਤੋਂ ਸ਼ੁਰੂ ਕੀਤਾ ਜਾਵੇਗਾ ਪਰ ਸਰਕਾਰ ਨੇ ਬਠਿੰਡਾ ਜ਼ਿਲ੍ਹੇ ਦੇ 3 ਪਿੰਡਾਂ ਦੀ ਜ਼ਮੀਨ ਅਕਵਾਇਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰੇਲਵੇ ਵਿਭਾਗ ਵੱਲੋਂ ਜ਼ਿਲ੍ਹੇ ਵਿਚ 16.29 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਜਿਸ ਲਈ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਇਸ ਵਿਚ ਪਿੰਡ ਲਹਿਰਾ ਮੁਹੱਬਤ, ਲਹਿਰਾਖ਼ਾਨਾ ਤੇ ਲਹਿਰਾ ਧੂਰਕੋਟ ਦੀ ਜ਼ਮੀਨ ਸ਼ਾਮਲ ਹੈ। ਕਰੀਬ 3 ਮਹੀਨਿਆਂ ਵਿਚ ਜ਼ਮੀਨ ਅਕਵਾਇਰ ਕਰਨ ਲਈ ਜਾਵੇਗੀ। ਰਾਜਪੁਰਾ ਰੇਲਵੇ ਟਰੈਕ ਦੂਹਰਾ ਕਰਨ ਦੇ ਨਾਲ ਨਾਲ ਇਸ ਦੇ ਇਲੈਕਟ੍ਰੀਿਫ਼ਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ।

ਮਾਲਵਾ ਲਈ ਅਹਿਮ ਹੈ ਇਹ ਪ੍ਰਾਜੈਕਟ

ਬਠਿੰਡਾ ਤੋਂ ਰਾਜਪੁਰਾ ਤਕ ਰੇਲਵੇ ਲਾਈਨ ਨੂੰ ਦੂਹਰਾ ਕਰਨ ਦਾ ਪ੍ਰਾਜੈਕਟ ਮਾਲਵੇ ਦੇ ਲੋਕਾਂ ਲਈ ਅਹਿਮ ਹੈ। ਇਸ ਟਰੈਕ ਦੇ ਬਣਨ ਨਾਲ 10 ਜ਼ਿਲ੍ਹੇ ਜੁੜ ਜਾਣਗੇ। ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮੁਕਤਸਰ, ਫਾਜ਼ਿਲਕਾ ਸਮੇਤ ਰਾਜਸਥਾਨ ਦੇ 3 ਜ਼ਿਲ੍ਹੇ ਸ਼ਾਮਲ ਹਨ। ਰੇਲਵੇ ਟਰੈਕ ਲਈ ਰੇਲ ਵਿਕਾਸ ਨਿਗਮ ਨੇ ਮਿੱਟੀ ਵੀ ਟੈਸਟ ਕਰ ਲਈ ਹੈ।

ਦੂਜੇ ਪਾਸੇ ਪਟਿਆਲਾ ਤੋਂ ਬਠਿੰਡਾ ਤਕ ਰੇਲਵੇ ਟਰੈਕ 'ਤੇ ਬਿਜਲੀ ਦੇ ਖੰਭੇ ਲਗਾ ਕੇ ਤਾਰ ਪਾਉਣ ਦਾ ਕੰਮ ਚੱਲ ਰਿਹਾ ਹੈ। ਰਾਜਪੁਰਾ ਤੋਂ ਬਠਿੰਡਾ ਤਕ ਰੇਲਵੇ ਟਰੈਕ ਡਬਲ ਕਰਨ ਲਈ 1251 ਕਰੋੜ ਰੁਪਏ ਖਰਚ ਹੋਣਗੇ ਜਦਕਿ ਰੇਲਵੇ ਟਰੈਕ ਦੇ ਇਲੈਕਟ੍ਰੀਫੇਕਸ਼ਨ ਲਈ 200 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਰਾਜਪੁਰਾ ਤੋਂ ਪਟਿਆਲਾ ਤਕ ਇਲੈਟ੍ਰੀਫੀਕੇਸ਼ਨ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਇਸ ਉੱਪਰ ਬਿਜਲੀ ਦੇ ਜ਼ਰੀਏ ਇੰਜਨ ਚਲਾ ਕੇ ਟਰਾਇਲ ਕੀਤਾ ਜਾ ਚੁੱਕਾ ਹੈ। ਫਿਲਹਾਲ ਪਟਿਆਲਾ ਰੇਲਵੇ ਸਟੇਸ਼ਨ 'ਤੇ ਬਣੇ ਫੁੱਟ ਓਵਰਬਿ੍ਜ ਦੀ ਉਚਾਈ ਘੱਟ ਹੈ ਜਿਸ ਦੀ ਉਚਾਈ ਵਧਾਉਣ ਲਈ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਮਗਰੋਂ ਇਲੈਕਟਿ੍ਕ ਰੇਲ ਪਟਿਆਲਾ ਤੋਂ ਬਠਿੰਡਾ ਦੀ ਤਰਫ਼ ਜਾ ਸਕੇਗੀ। ਪਟਿਆਲਾ ਤੋਂ ਬਠਿੰਡਾ ਤਕ ਬਿਜਲੀ 2 ਪੋਲ ਲਗਾ ਕੇ ਤਾਰ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਇਸ ਸਾਲ ਦੇ ਅਖ਼ੀਰ ਤਕ ਪੂਰਾ ਹੋਣ ਦੀ ਉਮੀਦ ਹੈ।

ਬਠਿੰਡਾ-ਚੰਡੀਗੜ੍ਹ ਰੇਲ ਸੰਪਰਕ ਬਣਨ ਦੀ ਸੰਭਾਵਨਾ

ਮਾਲਵਾ ਖੇਤਰ ਹਾਲੇ ਤਕ ਰੇਲਵੇ ਮਾਰਗ ਜ਼ਰੀਏ ਰਾਜਧਾਨੀ ਚੰਡੀਗੜ੍ਹ ਨਾਲ ਨਹੀਂ ਜੁੜ ਸਕਿਆ। ਲੋਕਾਂ ਭਾਵੇਂ ਪਟਿਆਲਾ ਤਕ ਤਾਂ ਰੇਲ ਗੱਡੀ ਰਾਹੀ ਸਫ਼ਰ ਕਰਦੇ ਹਨ ਪਰ ਪਟਿਆਲਾ ਤੋਂ ਚੰਡੀਗੜ੍ਹ ਜਾਣ ਲਈ ਬੱਸ ਦਾ ਸਫ਼ਰ ਕਰਨਾ ਪੈਂਦਾ ਹੈ। ਜੇ ਬਠਿੰਡਾ ਤੋਂ ਚੰਡੀਗੜ੍ਹ ਤਕ ਸਿੱਧਾ ਰੇਲਵੇ ਟਰੈਕ ਬਣ ਜਾਂਦਾ ਹੈ ਤਾਂ ਮਾਲਵਾ ਖੇਤਰ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਰੇਲਵੇ ਟਰੈਕ ਬਣਨ ਨਾਲ ਸੂਬੇ ਦੇ 10 ਜ਼ਿਲਿ੍ਆਂ ਤੋਂ ਇਲਾਵਾ ਰਾਜਸਥਾਨ ਦੇ 3 ਜ਼ਿਲਿ੍ਆ ਅਨੂਪਗੜ੍ਹ, ਗੰਗਾਨਗਰ ਤੇ ਬੀਕਾਨੇਰ ਤੇ ਹਰਿਆਣਾ ਦੇ 2 ਜ਼ਿਲ੍ਹੇ ਚੰਡੀਗੜ੍ਹ ਨਾਲ ਜੁੜ ਜਾਣਗੇ। ਮਾਲਵਾ ਖੇਤਰ ਦੇ ਲੋਕ ਪਿਛਲੇ ਲੰਬੇ ਸਮੇਂ ਬਠਿੰਡਾ ਤੋਂ ਚੰਡੀਗੜ੍ਹ ਤਕ ਰੇਲਵੇ ਲਿੰਕ ਕਰਨ ਦੀ ਮੰਗ ਕਰ ਰਹੇ ਹਨ। ਹੁਣ ਰਾਜਪੁਰਾ ਤਕ ਰੇਲਵੇ ਟਰੈਕ ਦੂਹਰਾ ਹੋਣ ਤੋਂ ਬਾਅਦ ਚੰਡੀਗੜ੍ਹ ਤਕ ਰੇਲਵੇ ਟਰੈਕ ਬਣਨ ਦੀ ਸੰਭਾਵਨਾ ਬਣ ਗਈ ਹੈ।

ਬਠਿੰਡਾ ਤੋਂ ਚੰਡੀਗੜ੍ਹ ਤਕ ਰੇਲਵੇ ਸੰਪਰਕ ਬਣਾਉਣ ਲਈ ਸਰਵੇ ਹੋ ਚੁੱਕਾ ਹੈ। ਉਸ ਸਮੇਂ ਰੇਲਵੇ ਵਿਭਾਗ ਨੇ ਸੂਬਾ ਸਰਕਾਰ ਤੋਂ ਸਹਿਯੋਗ ਮੰਗਿਆ ਸੀ। ਇਸ ਸਰਵੇ ਵਿਚ ਚੰਡੀਗੜ੍ਹ ਰੇਲ ਸੰਪਰਕ ਬਣਾਉਣ ਲਈ 350 ਕਰੋੜ ਦਾ ਐਸਟੀਮੇਟ ਬਣਿਆ ਸੀ। ਇਸ ਵਿਚ ਤੈਅ ਹੋਇਆ ਸੀ ਰੇਲਵੇ ਟਰੈਕ ਬਣਾਉਣ ਲਈ ਜ਼ਮੀਨ ਪੰਜਾਬ ਸਰਕਾਰ ਦੇਵੇਗੀ ਜਦੋਂ ਬਾਕੀ ਖਰਚ ਰੇਲਵੇ ਕਰੇਗਾ।