ਹਰਕ੍ਰਿਸ਼ਨ ਸ਼ਰਮਾ, ਬਠਿੰਡਾ :

ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਏ ਦਿਨ ਬਿਜਲੀ ਬਿੱਲਾਂ ''ਚ ਕੀਤੇ ਜਾ ਰਹੇ ਬੇਲੋੜੇ ਵਾਧੇ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿਚ ਬਿਜਲੀ ਦੇ ਬਿੱਲਾਂ ਨੂੰ ਸਾੜ ਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਆਮ ਆਦਮੀ ਪਾਰਟੀ ਹਲਕਾ ਬਠਿੰਡਾ ਸ਼ਹਿਰੀ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਬੱਲੀ ਦੀ ਅਗਵਾਈ ਵਿਚ ਬਿਜਲੀ ਦੇ ਬਿੱਲ ਸਾੜ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਪੁਰੀ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਰਾਜਨ, ਬੁੱਧੀਜੀਵੀ ਵਿੰਗ ਦੇ ਪ੍ਰਧਾਨ ਮਹਿੰਦਰ ਸਿੰਘ ਫੁੱਲੋਮਿਠੀ, ਇੰਪਲਾਈਜ਼ ਵਿੰਗ ਦੇ ਪ੍ਰਧਾਨ ਬਲਦੇਵ ਸਿੰਘ ਮਾਇਨਿੰਗ, ਸੀਨੀਅਰ ਆਗੂ ਅਮਿ੍ਤ ਲਾਲ ਅਗਰਵਾਲ ਹਾਜ਼ਰ ਸਨ।

ਇਸ ਮੌਕੇ ਜ਼ਲਿ੍ਹਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨਾਂ੍ਹ ਨੂੰ ਘੱਟ ਰੇਟਾਂ ਤੇ ਬਿਜਲੀ ਦਿੱਤੀ ਜਾਵੇਗੀ, ਜਦ ਕਿ ਹੋਇਆ ਇਸ ਤੋਂ ਉਲਟ ਹੁਣ ਗ਼ਰੀਬ ਲੋਕਾਂ ਨੂੰ ਬਿਜਲੀ ਦੇ ਵੱਡੇ ਵੱਡੇ ਬਿੱਲ ਆ ਰਹੇ ਹਨ, ਜਿਨਾਂ੍ਹ ਨੇ ਗ਼ਰੀਬ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ।

ਉਨਾਂ੍ਹ ਕਿਹਾ ਕਿ ਜਿਹੜੇ ਲੋਕਾਂ ਕੋਲੋਂ ਬਿਜਲੀ ਬਿੱਲ ਨਹੀਂ ਦਿੱਤੇ ਜਾ ਰਹੇ ਸਰਕਾਰ ਉਹਨਾਂ ਦੇ ਬਿਜਲੀ ਕੁਨੈਕਸ਼ਨ ਕੱਟ ਰਹੀ ਹੈ ਜਿਸ ਕਾਰਨ ਲੋਕ ਹਨ੍ਹੇਰੇ ਵਿੱਚ ਜਿੰਦਗੀ ਬਸਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਲੋਕਾਂ ਨੂੰ ਸਿਹਤ, ਸਿੱਖਿਆ ਤੇ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ, ਜਦੋਂਕਿ ਦਿੱਲੀ ਸਰਕਾਰ ਖੁਦ ਬਿਜਲੀ ਮੁੱਲ ਖ਼ਰੀਦ ਰਹੀ ਹੈ ਪਰ ਪੰਜਾਬ ਵਿਚ ਬਿਜਲੀ ਪੈਦਾ ਹੋਣ ਦੇ ਬਾਵਜੂਦ ਕੈਪਟਨ ਸਰਕਾਰ ਵੱਲੋਂ ਆਏ ਦਿਨ ਬਿਜਲੀ ਬਿੱਲਾਂ ਵਿਚ ਵਾਧਾ ਕਰ ਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੜੱਪੀ ਜਾ ਰਹੀ, ਜੋ ਕਿ ਸਰਾਸਰ ਗ਼ਲਤ ਹੈ। ਉਨਾਂ੍ਹ ਨੇ ਕਿਹਾ ਕਿ 2022 ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਆਮ ਲੋਕਾਂ ਨੂੰ ਦਿੱਲੀ ਦੀ ਤਰਜ਼ ਉੱਤੇ ਬਿਜਲੀ ਦਿੱਤੀ ਜਾਵੇਗੀ।