ਗੁਰਤੇਜ ਸਿੰਘ ਸਿੱਧੂ, ਬਠਿੰਡਾ : ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਨੇ ਉਦੋਂ ਹੱਦ ਪਾਰ ਕਰ ਦਿੱਤੀ, ਜਦੋਂ ਇਕ ਨਸ਼ਾ ਸਮੱਗਲਰ ਨੂੰ ਗਿ੍ਫ਼ਤਾਰ ਕਰਨ ਲਈ ਉਸ ਨੇ ਪੰਜਾਬ ਦੀ ਹੱਦ ਪਾਰ ਕਰਦੇ ਹੋਏ ਹਰਿਆਣੇ ਦੇ ਪਿੰਡ ਦੇਸੂ ਜੋਧਾ ਵਿਚ ਧੱਕੇਸ਼ਾਹੀ ਕਰਦਿਆਂ ਪਿੰਡ ਦੇ ਇਕ ਵਿਅਕਤੀ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਮਾਮਲੇ ਵਿਚ ਇਸ ਵਾਰ ਪੁਲਿਸ ਨੂੰ ਉਸ ਵੇਲੇ ਲੈਣੇ ਦੇ ਦੇਣੇ ਵੀ ਪੈ ਗਏ, ਜਦੋਂ ਪਿੰਡ ਵਾਸੀਆਂ ਨੇ ਜਵਾਬ ਵਿਚ ਪੂਰੀ ਪੁਲਿਸ ਪਾਰਟੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਵਿਚ ਛੇ ਪੁਲਿਸ ਵਾਲੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਸ ਵਿਚ ਇਕ ਪੁਲਿਸ ਮੁਲਾਜ਼ਮ ਦੇ ਗੋਲ਼ੀ ਵੀ ਲੱਗੀ ਹੈ।

ਭਾਵੇਂ ਕਿ ਪੁਲਿਸ ਦਾ ਦਾਅਵਾ ਹੈ ਕਿ ਉਸ 'ਤੇ ਪਿੰਡ ਵਾਲਿਆਂ ਨੇ ਗੋਲ਼ੀ ਚਲਾਈ ਹੈ, ਜਦੋਂ ਕਿ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਉਪਰ ਝੂਠਾ ਕੇਸ ਬਣਾਉਣ ਲਈ ਪੁਲਿਸ ਅਧਿਕਾਰੀ ਨੇ ਖ਼ੁਦ ਹੀ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡਿਓ ਵਿਚ ਪੁਲਿਸ ਅਧਿਕਾਰੀ ਖ਼ੁਦ ਮੰਨ ਰਹੇ ਹਨ ਕਿ ਪੁਲਿਸ ਅਧਿਕਾਰੀ ਨੇ ਖ਼ੁਦ ਹੀ ਆਪਣੇ ਆਪ ਨੂੰ ਗੋਲ਼ੀ ਮਾਰੀ ਹੈ।

ਜਾਣਕਾਰੀ ਅਨੁਸਾਰ ਬਠਿੰਡਾ ਸੀਆਈਏ ਸਟਾਫ ਨੇ ਦੋ ਦਿਨ ਪਹਿਲਾਂ ਪਿੰਡ ਮਾਨਵਾਲਾ ਕੋਲੋਂ ਨਸ਼ੀਲੀਆਂ ਗੋਲ਼ੀਆਂ ਸਮੇਤ ਦੋ ਸਮੱਗਲਰਾਂ ਗਗਨਦੀਪ ਸਿੰਘ ਅਤੇ ਮਨਦੀਪ ਸਿੰਘ ਵਾਸੀ ਚਨਾਰਥਲ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਹਰਿਆਣਾ ਦੇ ਪਿੰਡ ਦੇਸੂਜੋਧਾ ਵਾਸੀ ਕੁਲਵਿੰਦਰ ਸਿੰਘ ਉਰਫ਼ ਕਿੰਦੀ ਉਸ ਨੂੰ ਗੋਲ਼ੀਆਂ ਸਪਲਾਈ ਕਰਦਾ ਹੈ, ਜਿਸ ਦੇ ਆਧਾਰ 'ਤੇ ਸੀਆਈਏ-1 ਬਠਿੰਡਾ ਦੀ ਸੱਤ ਮੈਂਬਰੀ ਟੀਮ ਸਵੇਰੇ ਸੱਤ ਵਜੇ ਕਥਿਤ ਦੋਸ਼ੀ ਗਗਨਦੀਪ ਸਿੰਘ ਨਾਲ ਹਰਿਆਣਾ ਦੀ ਹੱਦ ਅੰਦਰ ਦਾਖ਼ਲ ਹੋ ਕੇ ਪਿੰਡ ਦੇਸੂ ਜੋਧਾ ਪੁੱਜ ਗਈ।

ਉਨ੍ਹਾਂ ਨੇ ਦੇਸੂ ਜੋਧਾ ਦੇ ਕੁਲਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ। ਕੁਲਵਿੰਦਰ ਦੀ ਪਤਨੀ ਸੋਮਾ ਰਾਣੀ ਨੇ ਦੋਸ਼ ਲਾਇਆ ਕਿ ਬੁੱਧਵਾਰ ਸਵੇਰੇ ਬਠਿੰਡਾ ਸੀਆਈਏ-1 ਦੀ ਟੀਮ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਦੇ ਘਰ ਦੋ ਵਿਅਕਤੀ ਬਿਨਾਂ ਵਰਦੀ ਤੋਂ ਆਏ। ਉਨ੍ਹਾਂ ਦੇ ਬੇਟੇ ਖੁਸ਼ਵੀਰ ਦਾ 13 ਅਕਤੂਬਰ ਨੂੰ ਜਨਮ ਦਿਨ ਹੋਣ ਕਾਰਨ ਘਰ ਵਿਚ ਪਾਠ ਰੱਖਿਆ ਹੋਇਆ ਸੀ ਅਤੇ ਕੁਲਵਿੰਦਰ ਉਥੇ ਹੀ ਸੌਂ ਰਿਹਾ ਸੀ। ਪੁਲਿਸ ਵਾਲੇ ਬੂਟ ਲੈ ਕੇ ਗੁਰੂ ਗ੍ੰਥ ਸਾਹਿਬ ਵਾਲੇ ਕਮਰੇ ਵਿਚ ਵੜ ਗਏ ਅਤੇ ਕੁਲਵਿੰਦਰ ਦੀਆਂ ਦੋਵੇਂ ਬਾਹਵਾਂ ਬੰਨ੍ਹ ਲਈਆਂ। ਜਦੋਂ ਉਸ ਨੇ ਪੁਲਿਸ ਤੋਂ ਆਪਣਾ ਕਸੂਰ ਪੁੱਛਿਆ ਤਾਂ ਇਕ ਪੁਲਿਸ ਵਾਲੇ ਨੇ ਕਿਹਾ ਕਿ ਬਠਿੰਡੇ ਲਿਜਾ ਕੇ ਜਦੋਂ ਭੁਗਤ ਸਵਾਰੀ ਤਾਂ ਪਤਾ ਲੱਗੂ ਕਿ ਕਸੂਰ ਕੀ ਹੈ। ਰੌਲ਼ਾ ਸੁਣ ਕੇ ਉਸ ਦਾ ਚਾਚਾ, ਜਿਸ ਨੂੰ ਉਹ ਪਾਪਾ ਕਹਿੰਦੇ ਹਨ, ਉੱਥੇ ਆ ਗਿਆ। ਉਸ ਨੇ ਪੁਲਿਸ ਕੋਲੋਂ ਪੁੱਛਿਆ ਕਿ ਕੀ ਹੋਇਆ। ਇਸ ਨੇ ਕੀ ਜੁਰਮ ਕੀਤਾ ਹੈ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਵੀ ਧੱਕੇ ਮਾਰੇ। ਰੌਲ਼ਾ ਸੁਣ ਕੇ ਉੱਥੇ ਲੋਕ ਇਕੱਠੇ ਹੋ ਗਏ। ਉਨ੍ਹਾਂ ਪੁਲਿਸ ਦੀ ਧੱਕੇਸ਼ਾਹੀ ਦੇਖ ਕੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਇਕ ਪੁਲਿਸ ਵਾਲੇ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਇਸ ਦੇ ਜਵਾਬ ਵਿਚ ਲੋਕਾਂ ਨੇ ਉਨ੍ਹਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਕ ਪੁਲਿਸ ਅਧਿਕਾਰੀ ਆਪਣੀ ਰਾਈਫਲ ਤੋਂ ਲਗਾਤਾਰ ਫਾਇਰ ਕਰ ਰਿਹਾ ਸੀ ਅਤੇ ਇਕ ਗੋਲ਼ੀ ਉਨ੍ਹਾਂ ਦੇ ਚਾਚੇ ਜੱਗਾ ਸਿੰਘ ਦੀ ਛਾਤੀ ਵਿਚ ਜਾ ਵੱਜੀ, ਜੋ ਉੱਥੇ ਹੀ ਢੇਰੀ ਹੋ ਗਿਆ। ਖ਼ੂਨ ਨਾਲ ਲਥਪਥ ਜੱਗਾ ਸਿੰਘ ਨੂੰ ਔਢਾਂ ਦੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਸੋਮਾ ਰਾਣੀ ਨੇ ਦੱਸਿਆ ਕਿ ਜੱਗਾ ਸਿੰਘ ਦੀ ਗੋਲ਼ੀ ਲੱਗਣ ਕਾਰਨ ਮੌਤ ਹੋਣ ਦੇ ਚੱਲਦਿਆਂ ਪੁਲਿਸ ਮੁਲਾਜ਼ਮ ਡਰ ਕੇ ਇਕ ਕਮਰੇ ਵਿਚ ਵੜ ਗਏ । ਉਨ੍ਹਾਂ ਵਿਚੋਂ ਇਕ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਉਨ੍ਹਾਂ ਨੇ ਅੰਦਰ ਦੋ ਗੋਲ਼ੀਆਂ ਚਲਾਈਆਂ, ਇਕ ਗੋਲ਼ੀ ਉਸ ਨੂੰ ਲੱਗੀ, ਜਦੋਂ ਕਿ ਇਕ ਗੋਲ਼ੀ ਕੰਧ ਵਿਚ ਲੱਗੀ।

ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਪੁਲਿਸ ਦੀ ਗੋਲ਼ੀ ਨਾਲ ਸਿਰਸਾ ਡੇਰਾ ਪ੍ਰੇਮੀ ਜੱਗਾ ਸਿੰਘ ਦੀ ਮੌਤ ਹੋ ਗਈ ਹੈ ਤਾਂ ਉਹ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਪੁਲਿਸ ਦੀ ਕਾਫ਼ੀ ਮਾਰਕੁੱਟ ਕੀਤੀ। ਲੋਕਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਘਸੀਟ-ਘਸੀਟ ਕੇ ਕੁੱਟਿਆ। ਗੋਲ਼ੀ ਲੱਗਣ ਨਾਲ ਜ਼ਖ਼ਮੀ ਪੁਲਿਸ ਮੁਲਾਜ਼ਮ ਦੇ ਢਿੱਡ ਵਿਚ ਵੀ ਲੋਕਾਂ ਨੇ ਲੱਤਾਂ 'ਤੇ ਮੁੱਕੇ ਮਾਰੇ। ਇਸ ਘਟਨਾ ਵਿਚ ਕਾਂਸਟੇਬਲ ਕਮਲਜੀਤ ਸਿੰਘ, ਐਸਆਈ ਜਸਕਰਨ ਸਿੰਘ, ਸਬ ਇੰਸਪੈਕਟਰ ਹਰਜੀਵਨ ਸਿੰਘ, ਏਐਸਆਈ ਗੁਰਤੇਜ ਸਿੰਘ ਪੂਹਲੀ, ਏਐਸਆਈ ਸੁਖਦੇਵ ਸਿੰਘ ਜ਼ਖ਼ਮੀ ਹੋ ਗਏ।

ਪੁਲਿਸ ਨੇ ਕੀਤੀ ਬੇਅਦਬੀ

ਜਿਸ ਘਰ ਵਿਚ ਛਾਪੇਮਾਰੀ ਕੀਤੀ ਗਈ ਉਸ ਵਿਚ ਬੱਚੇ ਦੇ ਜਨਮ ਦਿਨ ਕਾਰਨ ਸਹਿਜ ਪਾਠ ਕਾਰਨ ਸ੍ਰੀ ਗੁਰੂ ਗ੍ੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ। ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਕੁਲਵਿੰਦਰ ਸਿੰਘ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਕਮਰੇ ਵਿਚ ਹੈ ਤਾਂ ਪੁਲਿਸ ਮੁਲਾਜ਼ਮ ਬੂਟਾਂ ਸਣੇ ਅੰਦਰ ਵੜ ਗਏ ਤੇ ਕੁਲਵਿੰਦਰ ਕਿੰਦੀ ਨੂੰ ਮੰਦਾ ਬੋਲਦਿਆਂ ਉਸ ਦੇ ਸਿਰ 'ਤੇ ਬੰਨ੍ਹੇ ਪਰਨੇ ਨੂੰ ਲਾਹ ਕੇ ਉਸ ਦੀਆਂ ਬਾਹਾਂ ਬੰਨ੍ਹ ਲਈਆਂ। ਵਾਇਰਲ ਹੋਈ ਵੀਡੀਓ ਵਿਚ ਇਕ ਮੁਲਾਜ਼ਮ ਸ਼ਰੇਆਮ ਗੋਲ਼ੀਆਂ ਚਲਾਉਦਾ ਨਜ਼ਰ ਆ ਰਿਹਾ ਹੈ।

ਹਰਿਆਣਾ ਪੁਲਿਸ ਜਾਂਚ ਕਰ ਰਹੀ ਹੈ : ਆਈਜੀ ਬਠਿੰਡਾ

ਇਸ ਮਾਮਲੇ ਸਬੰਧੀ ਆਈਜੀ ਬਠਿੰਡਾ ਜ਼ੋਨ ਅਰੁਣ ਮਿੱਤਲ ਦਾ ਕਹਿਣਾ ਸੀ ਕਿ ਬਠਿੰਡਾ ਸੀਆਈਏ ਸਟਾਫ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੇਸੂ ਜੋਧਾ ਦਾ ਇਕ ਨਸ਼ਾ ਸਮੱਗਲਰ ਉਕਤ ਇਲਾਕੇ ਵਿਚ ਆਇਆ ਹੋਇਆ ਹੈ ਜਿਸ ਨੂੰ ਗਿ੍ਫ਼ਤਾਰ ਕਰਨ ਲਈ ਟੀਮ ਗਈ ਸੀ। ਉਕਤ ਨਸ਼ਾ ਸਮੱਗਲਰ ਭੱਜ ਕੇ ਪਿੰਡ ਅੰਦਰ ਵੜ ਗਿਆ ਜਿਸ ਦੌਰਾਨ ਇਹ ਘਟਨਾ ਵਾਪਰੀ ਹੈ। ਪਿੰਡ ਵਾਸੀ ਇਕ ਵਿਅਕਤੀ ਦੀ ਮੌਤ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਾਰੇ ਹਰਿਆਣਾ ਪੁਲਿਸ ਨੂੰ ਪਤਾ ਹੈ, ਉਹ ਹੀ ਮਾਮਲੇ ਦੀ ਜਾਂਚ ਕਰ ਰਹੀ ਹੈ।