Bathinda News : 100 ਕਰੋੜ 62 ਹਜ਼ਾਰ 403 ਦਾ ਪਹਾੜਾ ਸੁਣਾ ਕੇ ਭਾਵਿਕ ਨੇ ਬਣਾਇਆ ਵਰਲਡ ਰਿਕਾਰਡ
ਰਾਮਪੁਰਾ ਫੂਲ ਦੇ ਵਿਦਿਆਰਥੀ ਭਾਵਿਕ ਸਿੰਗਲਾ ਵੱਲੋਂ 100 ਕਰੋੜ 62 ਹਜ਼ਾਰ 403 ਦਾ ਪਹਾੜਾ 100 ਲਾਈਨਾਂ ਤਕ ਮੂੰਹ ਜੁਬਾਨੀ ਤੇਜ਼ ਗਤੀ ਨਾਲ ਸੁਣਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਬਣਾ ਸਭ ਨੂੰ ਹੈਰਾਨ ਕਰ ਦਿੱਤਾ ਹੈ।
Publish Date: Wed, 12 Nov 2025 07:23 PM (IST)
Updated Date: Wed, 12 Nov 2025 07:26 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਰਾਮਪੁਰਾ ਫੂਲ ਦੇ ਵਿਦਿਆਰਥੀ ਭਾਵਿਕ ਸਿੰਗਲਾ ਵੱਲੋਂ 100 ਕਰੋੜ 62 ਹਜ਼ਾਰ 403 ਦਾ ਪਹਾੜਾ 100 ਲਾਈਨਾਂ ਤਕ ਮੂੰਹ ਜੁਬਾਨੀ ਤੇਜ਼ ਗਤੀ ਨਾਲ ਸੁਣਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਬਣਾ ਸਭ ਨੂੰ ਹੈਰਾਨ ਕਰ ਦਿੱਤਾ ਹੈ। ਭਾਵਿਕ ਦੀ ਇਸ ਪ੍ਰਾਪਤੀ ’ਤੇ ਸ਼ਹਿਰ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ।
ਸਬ ਡਿਵੀਜ਼ਨ ਦੇ ਐੱਸਡੀਐੱਮ ਅਤੇ ਡੀਐੱਸਪੀ ਵੱਲੋ ਉਸ ਨੂੰ ਇਸ ਪ੍ਰਾਪਤੀ ਲਈ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਸਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਸੇਂਟ ਜੇਵੀਅਰ ਸਕੂਲ ਦੀ ਦਸਵੀਂ ਕਲਾਸ ਦੇ ਵਿਦਿਆਰਥੀ ਭਾਵਿਕ ਸਿੰਗਲਾ ਸਪੁੱਤਰ ਜਿਤੇਸ਼ ਸਿੰਗਲਾ ਨੇ 1000062403 ਦਾ ਪਹਾੜਾ ਸਿਰਫ 3 ਮਿੰਟ 32 ਸੈਕੰਡ ਵਿਚ 100 ਲਾਈਨਾਂ ਤੱਕ ਸੁਣਾ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਉਸ ਨੇ ਇਸ ਦੀ ਤਿਆਰੀ ਅਬੈਕਸ ਵਿਧੀ ਦੇ ਨਾਲ ਆਪਣੀ ਸਪੀਡ ਅਤੇ ਫੋਕਸ ਨੂੰ ਵਧਾ ਕੇ ਕੀਤੀ ਹੈ, ਜਿਸ ਦੇ ਲਈ ਕਰੀਬ ਉਸ ਨੂੰ 7 ਮਹੀਨੇ ਦਾ ਸਮਾਂ ਲੱਗਿਆ ਹੈ। ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਇਸ ਨੂੰ ਇਕ ਨਵਾਂ ਵਰਲਡ ਰਿਕਾਰਡ ਐਲਾਨਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਭਾਵਿਕ ਸਿੰਗਲਾ ਨੇ 1 ਕਰੋੜ 315 ਦਾ ਪਹਾੜਾ 100 ਲਾਈਨਾਂ ਤਕ 2 ਮਿੰਟ 27 ਸੈਕੰਡ ਵਿਚ ਮੂੰਹ ਜੁਬਾਨੀ ਸੁਣਾ ਕੇ ਇੰਡੀਆ ਬੁੱਕ ਰਿਕਾਰਡ ਵੀ ਬਣਾਇਆ ਸੀ। ਰਾਮਪੁਰਾ ਫੂਲ ਦੇ ਐੱਸਡੀਐੱਮ ਸੁਨੀਲ ਫੋਗਾਟ ਆਈਏਐੱਸ ਅਤੇ ਡੀਐੱਸਪੀ ਮਨੋਜ ਕੁਮਾਰ ਵੱਲ ਭਾਵਿਕ ਸਿੰਗਲਾ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਇਸ ਵਿਲੱਖਣ ਰਿਕਾਰਡ ਦੇ ਲਈ ਸਨਮਾਨਿਤ ਕੀਤਾ ਗਿਆ।