ਦੀਪਕ ਸ਼ਰਮਾ, ਬਠਿੰਡਾ : ਗੁਆਂਢੀ ਵਲੋਂ ਪਲਾਟ ’ਤੇ ਕਬਜ਼ਾ ਕਰਨ ਅਤੇ ਪੁਲਿਸ ਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇਨਸਾਫ਼ ਨਾ ਮਿਲਣ ਤੋਂ ਦੁਖੀ ਇਕ ਔਰਤ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਸਵੈਇੱਛਾ ਮੌਤ ਦੀ ਮੰਗ ਕੀਤੀ ਹੈ। ਰਾਮਪੁਰਾ ਵਾਸੀ ਸੀਨੀਅਰ ਸਿਟੀਜ਼ਨ ਔਰਤ ਸੱਤਿਆ ਦੇਵੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਸਵੈਇੱਛਾ ਨਾਲ ਮੌਤ ਦੀ ਮਨਜ਼ੂਰੀ ਮੰਗੀ ਹੈ। ਸੱਤਿਆ ਦੇਵੀ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਭੇਜੇ ਪੱਤਰ 'ਚ ਦੱਸਿਆ ਕਿ ਰਾਮਪੁਰਾ ਵਿਚ ਉਸ ਦਾ ਆਪਣਾ ਪੁਰਾਣਾ ਪੁਸ਼ਤੈਨੀ ਘਰ ਹੈ, ਜਿਸ ਦੇ ਨਾਲ ਉਸ ਦੇ ਗੁਆਂਢੀ ਦੀ 46 ਗਜ਼ ਜਗ੍ਹਾ ਲੱਗਦੀ ਹੈ। ਜਦੋਂ ਉਹ ਵਿਦੇਸ਼ ਰਹਿੰਦੇ ਆਪਣੇ ਮੁੰਡਿਆਂ ਕੋਲ ਗਈ ਹੋਈ ਸੀ ਤਾਂ ਉਕਤ ਵਿਅਕਤੀ ਨੇ ਆਪਣੀ ਮਲਕੀਅਤ ਵਾਲੀ 46 ਗਜ਼ ਥਾਂ ਸਮੇਤ ਉਸ ਦੇ ਘਰ ਦੇ ਨਾਲ ਲੱਗਦੀ 50 ਗਜ਼ ਫਰਜ਼ੀ ਤਰੀਕੇ ਨਾਲ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੀ।

ਔਰਤ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਹ ਵਿਦੇਸ਼ ਤੋਂ ਵਾਪਸ ਪਰਤ ਕੇ ਆਪਣੇ ਘਰ ਰਾਮਪੁਰਾ ਪਹੁੰਚੀ। ਉਸ ਨੇ ਦੇਖਿਆ ਕਿ ਘਰ ਦੇ ਹਿੱਸੇ ਵਾਲੀ ਜਗ੍ਹਾ ’ਤੇ ਮਜ਼ਦੂਰ ਲਾ ਕੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ। ਔਰਤ ਨੇ ਦੱਸਿਆ ਕਿ ਉਸ ਨੇ ਉਸੇ ਸਮੇਂ ਥਾਣਾ ਰਾਮਪੁਰਾ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਜਦੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਸ ਨੇ ਐੱਸਐੱਸਪੀ ਨਾਨਕ ਸਿੰਘ ਕੋਲ ਲਿਖਤੀ ਸ਼ਿਕਾਇਤ ਕੀਤੀ। ਉੱਚ ਅਧਿਕਾਰੀਆਂ ਕੋਲੋਂ ਵੀ ਉਸ ਨੂੰ ਕੋਈ ਇਨਸਾਫ਼ ਨਹੀਂ ਮਿਲਿਆ, ਉਲਟ ਇਕ ਰਿਪੋਰਟ ਤਿਆਰ ਕਰ ਦਿੱਤੀ ਗਈ ਕਿ ਉਸ ਦਾ ਜਗ੍ਹਾ ਨੂੰ ਲੈ ਕੇ ਆਪਣੀ ਵਿਰੋਧੀ ਧਿਰ ਨਾਲ ਅਦਾਲਤ 'ਚ ਕੇਸ ਚੱਲਦਾ ਹੈ। ਪੀੜਤ ਔਰਤ ਨੇ ਦਾਅਵਾ ਕੀਤਾ ਕਿ ਉਸ ਦਾ ਆਪਣੇ ਗੁਆਂਢੀ ਨਾਲ ਕਿਸੇ ਵੀ ਤਰ੍ਹਾਂ ਦਾ ਅਦਾਲਤੀ ਕੇਸ ਨਹੀਂ ਚੱਲ ਰਿਹਾ। ਇਨਸਾਫ਼ ਲਈ ਠੋਕਰਾਂ ਖਾਂਦੇ ਹੋਇਆਂ ਉਸ ਦਾ ਕਾਨੂੰਨ ਵਿਵਸਥਾ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ, ਇਸ ਲਈ ਦੇਸ਼ ਦੇ ਮੁਖੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ- 'ਜੇ ਇਨਸਾਫ਼ ਨਹੀਂ ਦਿਵਾ ਸਕਦੇ ਤਾਂ ਸਵੈਇੱਛਾ ਨਾਲ ਮਰਨ ਦੀ ਮਨਜ਼ੂਰੀ ਦਿੱਤੀ ਜਾਵੇ।'

Posted By: Seema Anand