ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹੇ ਅੰਦਰ ਕੁੱਝ ਖੇਤਰਾਂ ਵਿਚ ਮੁੜ ਮੀਂਹ ਪੈਣ ਦੀ ਸੂਚਨਾ ਮਿਲੀ ਹੈ। ਪਹਿਲਾਂ ਹੀ ਗੜੇਮਾਰੀ ਤੇ ਝੱਖੜ ਕਾਰਨ ਧਰਤੀ 'ਤੇ ਵਿਛ ਚੁੱਕੀ ਕਣਕ ਦੀ ਫ਼ਸਲ ਉੱਪਰ ਮੁੜ ਮੀਂਹ ਪੈਣ ਕਾਰਨ ਫ਼ਸਲ ਦਾ ਵੱਡੀ ਪੱਧਰ 'ਤੇ ਨੁਕਸਾਨ ਦਾ ਡਰ ਬਣ ਗਿਆ ਹੈ। ਧਰਤੀ 'ਤੇ ਵਿਛ ਚੁੱਕੀ ਕਣਕ ਦੀ ਫਸਲ 'ਤੇ ਮੀਂਹ ਪੈਣ ਕਾਰਨ ਦਾਣਾ ਕਾਲਾ ਹੋਣ ਦੀ ਸੰਭਾਵਨਾ ਬਣ ਗਈ ਹੈ। ਸ਼ੁੱਕਰਵਾਰ ਨੂੰ ਤਲਵੰਡੀ ਸਾਬੋ ਅਤੇ ਮੌੜ ਮੰਡੀ ਖੇਤਰ ਮੀਂਹ ਪਿਆ ਹੈ। ਉਂਝ ਜ਼ਲਿ੍ਹੇ ਅੰਦਰ ਸਵੇਰ ਤੋਂ ਆਸਮਾਨ 'ਤੇ ਸੰਘਣੀ ਬੱਦਲਬਾਈ ਬਣੀ ਰਹੀ,ਜਿਸ ਕਾਰਨ ਕਿਸਾਨ ਕਾਫ਼ੀ ਚਿੰਤਤ ਨਜ਼ਰ ਆਏ। ਵੀਰਵਾਰ ਰਾਤ ਨੂੰ ਵੀ ਕੁੱਝ ਖੇਤਰਾਂ ਵਿਚ ਮੀਂਹ ਪਿਆ ਹੈ। ਜ਼ਕਿਰਯੋਗ ਹੈ ਕਿ ਜ਼ਲਿ੍ਹੇ ਅੰਦਰ ਕੁਝ ਦਿਨ ਪਹਿਲਾਂ ਗੜੇਮਾਰੀ ਤੇ ਮੀਂਹ ਪਿਆ ਸੀ ਜਿਸ ਕਾਰਨ ਫਸਲਾਂ ਨੁਕਸਾਨੀਆਂ ਗਈਆਂ ਸਨ। ਸਭ ਤੋਂ ਵੱਧ ਨੁਕਸਾਨ ਭਗਤਾ ਭਾਈਕਾ, ਤਲਵੰਡੀ ਸਾਬੋ ਤੇ ਸੰਗਤ ਮੰਡੀ ਦੇ ਖੇਤਰ ਵਿਚ ਹੋਇਆ ਸੀ। ਹਾਲਾਕਿ ਤਕਰੀਬਨ ਜ਼ਿਲ੍ਹੇ ਅੰਦਰ 90 ਫੀਸਦੀ ਫਸਲਾਂ ਧਰਤੀ 'ਤੇ ਡਿੱਗ ਚੁੱਕੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਥਾਵਾਂ 'ਤੇ ਕਣਕ ਤੇ ਸਰੋਂ ਦੀ ਫਸਲ ਦਾ 95 ਫੀਸਦੀ ਨੁਕਸਾਨ ਹੋਇਆ ਹੈ। ਕਿਸਾਨਾਂ ਦਾਅਵਾ ਹੈ ਕਿ ਬਹੁਤੀਆਂ ਫ਼ਸਲਾਂ ਦਾ 50 ਫ਼ੀਸਦੀ ਨੁਕਸਾਨ ਹੋ ਚੁੱਕਾ ਹੈ। ਅਜੇ ਵੀ ਆਸਮਾਨ 'ਤੇ ਬੱਦਲਬਾਈ ਬਣੇ ਰਹਿਣ ਕਾਰਨ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ।

ਵੀਰਵਾਰ ਰਾਤ ਪਏ ਮੀਂਹ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੈਨੂਆਣਾ ਵਿਚ ਭਾਰੀ ਤਬਾਹੀ ਮਚਾਈ ਹੈ। ਪਿੰਡ ਦੇ ਕਈ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ। ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਵਿਰਕ ਨੇ ਦੱਸਿਆ ਕਿ ਵੀਰਵਾਰ ਰਾਤ ਪਏ ਭਾਰੀ ਮੀਂਹ ਕਾਰਨ ਉਨਾਂ੍ਹ ਦੇ ਪਿੰਡ ਵਿੱਚ ਕਾਫੀ ਨੁਕਸਾਨ ਹੋਇਆ ਹੈ। ਵਿਰਕ ਨੇ ਦੱਸਿਆ ਕਿ ਉਸ ਦਾ ਖੇਤ ਬਹੁਤ ਨੀਵਾਂ ਹੋਣ ਕਾਰਨ ਨੇੜਲੇ ਖੇਤਾਂ ਦਾ ਪਾਣੀ ਵੀ ਉਸ ਦੇ ਖੇਤ ਵਿਚ ਜਮਾਂ੍ਹ ਹੋ ਗਿਆ, ਜਿਸ ਕਾਰਨ ਉਸ ਦੀ ਪੰਜ ਏਕੜ ਕਣਕ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ ਅਤੇ ਇਸ ਕਾਰਨ ਫਸਲ ਪੂਰੀ ਤਰਾਂ੍ਹ ਬਰਬਾਦ ਹੋ ਗਈ ਹੈ। ਉਨਾਂ੍ਹ ਮੰਗ ਕੀਤੀ ਕਿ ਸਰਕਾਰ ਉਸ ਨੂੰ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਦੇਵੇ। ਇਸ ਤਰਾਂ੍ਹ ਹੋਰਨਾਂ ਕਿਸਾਨਾਂ ਦੀਆਂ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ।ਫ਼ਸਲਾਂ ਦੇ ਪਾਣੀ ਵਿਚ ਡੁੱਬ ਜਾਣ ਕਾਰਨ ਦਾਣਾ ਗਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਦੂਜੇ ਪਾਸੇ ਸਰਕਾਰ ਦੇ ਆਦੇਸ਼ਾਂ 'ਤੇ ਜ਼ਲਿ੍ਹਾ ਪ੍ਰਸ਼ਾਸ਼ਨ ਨੇ ਤਬਾਹ ਹੋਈਆਂ ਫਸਲਾਂ ਦੀ ਗਿਰਦਾਵਰੀ ਸ਼ੁਰੂ ਕਰ ਦਿੱਤੀ ਹੈ।