ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਬਾਠ ਦੀ ਵਿਧਵਾ ਔਰਤ ਨਾਲ ਜਬਰ ਜਨਾਹ ਕਰਨ ਵਾਲੇ ਸੀਆਈਏ ਸਟਾਫ ਇਕ ਬਠਿੰਡਾ ਦੇ ਏਐਸਆਈ ਨੂੰ ਸਰਕਾਰ ਨੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ, ਜਦੋਂਕਿ ਦੂਜੇ ਪਾਸੇ ਉਸ ਖਿਲਾਫ਼ ਥਾਣਾ ਨਥਾਣਾ 'ਚ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਏਐੱਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੀੜਤ ਔਰਤ ਵੀਰਪਾਲ ਕੌਰ ਦੇ ਬੁੱਧਵਾਰ ਨੂੰ ਪੁਲਿਸ ਨੇ ਸਿਵਲ ਹਸਪਤਾਲ 'ਚ ਬਿਆਨ ਦਰਜ ਕੀਤੇ ਜਦੋਂਕਿ ਡਾਕਟਰਾਂ ਨੇ ਉਸ ਦਾ ਮੈਡੀਕਲ ਚੈੱਕਅੱਪ ਕੀਤਾ।

ਪੀੜਤਾ ਨੇ ਦੋਸ਼ ਲਾਇਆ ਕਿ ਸੀਆਈਏ ਸਟਾਫ ਇਕ ਦਾ ਏਐੱਸਅਈ ਗੁਰਵਿੰਦਰ ਸਿੰਘ ਲਗਾਤਾਰ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ। ਜਦੋਂ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਏਐਸਆਈ ਨੇ ਉਸ ਦੇ 19 ਸਾਲਾ ਲੜਕੇ ਖ਼ਿਲਾਫ਼ ਅਫੀਮ ਤਸਕਰੀ ਦਾ ਮਾਮਲਾ ਦਰਜ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਛੇ ਮਈ ਨੂੰ ਗੁਰਵਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਘਰੋਂ ਚੁੱਕ ਲਿਆ ਤੇ ਮੁਲਾਜ਼ਮ ਉਨ੍ਹਾਂ ਦੀ ਕਾਰ ਤੇ ਮੋਟਰਸਾਈਕਲ ਵੀ ਨਾਲ ਲੈ ਗਏ। ਉਸ ਨੇ ਬਿਆਨਾਂ 'ਚ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਘਰ ਵਿਚ ਪਏ 50 ਹਜ਼ਾਰ ਰੁਪਏ ਵੀ ਚੁੱਕ ਲਏ ਤੇ ਇਸ ਤੋਂ ਬਾਅਦ ਇਕ ਲੱਖ ਰੁਪਿਆ ਲੜਕੇ ਨੂੰ ਛੱਡਣ ਲਈ ਰਿਸ਼ਵਤ ਵਜੋਂ ਲੈ ਲਿਆ। ਪੀੜਤ ਵਿਧਵਾ ਨੇ ਦੱਸਿਆ ਕਿ ਇਸ ਤੋਂ ਬਾਅਦ ਏਐੱਸਆਈ ਗੁਰਵਿੰਦਰ ਸਿੰਘ ਲਗਾਤਾਰ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ, ਉਹ ਧਮਕੀਆਂ ਦੇ ਰਿਹਾ ਸੀ ਕਿ ਜੇਕਰ ਉਸ ਨੇ ਸਰੀਰਕ ਸਬੰਧ ਨਾ ਬਣਾਏ ਤਾਂ ਉਹ ਉਸ ਦੇ ਪੁੱਤਰ ਨੂੰ ਅਦਾਲਤ ਵਿਚ ਗਵਾਹੀ ਦੇ ਕੇ ਸਜ਼ਾ ਕਰਵਾ ਦੇਵੇਗਾ।

ਪੀੜਤਾ ਨੇ ਦੱਸਿਆ ਕਿ ਸੋਮਵਾਰ ਨੂੰ ਉਕਤ ਏਐਸਆਈ ਨੇ ਉਸ ਨੂੰ ਬਠਿੰਡਾ ਬੁਲਾਇਆ ਅਤੇ ਕਾਰ ਵਿਚ ਬਿਠਾ ਕੇ ਆਦੇਸ਼ ਹਸਪਤਾਲ ਨੇੜੇ ਲੈ ਗਿਆ ਜਿੱਥੇ ਉਸ ਨੇ ਉਸ ਨਾਲ ਜਬਰ ਜਨਾਹ ਕੀਤਾ। ਪੀੜਤ ਨੇ ਦੱਸਿਆ ਕਿ ਉਸ ਦਿਨ ਤੋਂ ਹੀ ਏਐੱਸਆਈ ਵਾਰ-ਵਾਰ ਉਸ ਦੇ ਘਰ ਆਉਣ ਦੀ ਜ਼ਿੱਦ ਕਰ ਰਿਹਾ ਸੀ ਜਿਸ ਦੀ ਜਾਣਕਾਰੀ ਉਸ ਨੇ ਪਿੰਡ ਦੇ ਸਰਪੰਚ ਸਮੇਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਿਨ੍ਹਾਂ ਮੰਗਲਵਾਰ ਰਾਤ ਘਰ ਦੇ ਬਾਹਰ ਟ੍ਰੈਪ ਲਗਾ ਲਿਆ। ਮੰਗਲਵਾਰ ਰਾਤ ਕਰੀਬ ਗਿਆਰਾਂ ਵਜੇ ਉਕਤ ਏਐਸਆਈ ਵਿਧਵਾ ਔਰਤ ਦੇ ਘਰ ਆ ਵੜਿਆ ਤੇ ਉਸ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦੇਣ ਲੱਗਾ। ਇਸ ਦੌਰਾਨ ਹੀ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਉਸ ਨੂੰ ਦਬੋਚ ਲਿਆ ਅਤੇ ਨਥਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ। ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਏਐੱਸਆਈ ਗੁਰਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਤੇ ਉਸ ਖ਼ਿਲਾਫ਼ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਵਾ ਔਰਤ ਦੇ ਪੁੱਤਰ ਖ਼ਿਲਾਫ਼ ਦਰਜ ਮਾਮਲੇ ਤੇ 50 ਹਜ਼ਾਰ ਰੁਪਏ ਚੁੱਕਣ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਹੋਰ ਪੁਲਿਸ ਮੁਲਾਜ਼ਮਾਂ ਦਾ ਕਸੂਰ ਸਾਹਮਣੇ ਆਇਆ ਤਾਂ ਉਸ ਖਿਲਾਫ ਵੀ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ

Posted By: Tejinder Thind