ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਬਾਠ ਦੀ ਵਿਧਵਾ ਔਰਤ ਨਾਲ ਜਬਰ ਜਨਾਹ ਕਰਨ ਵਾਲੇ ਏਐਸਆਈ ਨੇ ਪੁਲਿਸ ਹਿਰਾਸਤ ਦੌਰਾਨ ਖੁਦਕੁਸ਼ੀ ਦਾ ਯਤਨ ਕੀਤਾ ਹੈ। ਜਾਣਕਾਰੀ ਅਨੁਸਾਰ ਜਦੋਂ ਉਕਤ ਏਐਸਆਈ ਨੂੰ ਆਪਣੇ ਖ਼ਿਲਾਫ਼ ਜਬਰ ਜਨਾਹ ਦੀਆਂ ਧਾਰਾਵਾਂ ਅਧੀਨ ਦਰਜ ਹੋਏ ਮਾਮਲੇ ਦਾ ਪਤਾ ਲੱਗਾ ਤਾਂ ਉਸ ਨੇ ਥਾਣੇ ਵਿਚ ਕਿਸੇ ਤਿੱਖੀ ਚੀਜ਼ ਨਾਲ ਆਪਣੀ ਬਾਂਹ ਅਤੇ ਗਰਦਨ 'ਤੇ ਵਾਰ ਕੀਤੇ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਨਥਾਣਾ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਥਾਣਾ ਨਥਾਣਾ ਦੇ ਐਸਐਚਓ ਨਰਿੰਦਰ ਕੁਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਕਤ ਏਐਸਆਈ ਨੇ ਆਪਣੇ ਖੱਬੀ ਵੱਖੀ ਅਤੇ ਗਲ ਵਿੱਚ ਬਲੇਡ ਮਾਰ ਲਏ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸੀਆਈਏ ਸਟਾਫ ਇੱਕ ਦੇ ਏਐੱਸਆਈ ਗੁਰਵਿੰਦਰ ਸਿੰਘ ਨੇ ਇੱਕ ਵਿਧਵਾ ਔਰਤ ਨਾਲ ਉਸ ਦੇ ਘਰ ਪਹੁੰਚ ਕੇ ਜਬਰ ਜਨਾਹ ਕੀਤਾ। ਜਿਸ ਨੂੰ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਰੰਗੇ ਹੱਥੀਂ ਕਾਬੂ ਕਰ ਕੇ ਨਥਾਣਾ ਪੁਲਸ ਦੇ ਹਵਾਲੇ ਕੀਤਾ ਸੀ।

ਪੀੜਤਾ ਨੇ ਦੱਸਿਆ ਕਿ ਸੋਮਵਾਰ ਨੂੰ ਉਕਤ ਏਐਸਆਈ ਨੇ ਉਸ ਨੂੰ ਬਠਿੰਡਾ ਬੁਲਾਇਆ ਅਤੇ ਕਾਰ ਵਿਚ ਬਿਠਾ ਕੇ ਆਦੇਸ਼ ਹਸਪਤਾਲ ਨੇੜੇ ਲੈ ਗਿਆ ਜਿੱਥੇ ਉਸ ਨੇ ਉਸ ਨਾਲ ਜਬਰ ਜਨਾਹ ਕੀਤਾ। ਪੀੜਤ ਨੇ ਦੱਸਿਆ ਕਿ ਉਸ ਦਿਨ ਤੋਂ ਹੀ ਏਐੱਸਆਈ ਵਾਰ-ਵਾਰ ਉਸ ਦੇ ਘਰ ਆਉਣ ਦੀ ਜ਼ਿੱਦ ਕਰ ਰਿਹਾ ਸੀ ਜਿਸ ਦੀ ਜਾਣਕਾਰੀ ਉਸ ਨੇ ਪਿੰਡ ਦੇ ਸਰਪੰਚ ਸਮੇਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਿਨ੍ਹਾਂ ਮੰਗਲਵਾਰ ਰਾਤ ਘਰ ਦੇ ਬਾਹਰ ਟ੍ਰੈਪ ਲਗਾ ਲਿਆ। ਮੰਗਲਵਾਰ ਰਾਤ ਕਰੀਬ ਗਿਆਰਾਂ ਵਜੇ ਉਕਤ ਏਐਸਆਈ ਵਿਧਵਾ ਔਰਤ ਦੇ ਘਰ ਆ ਵੜਿਆ ਤੇ ਉਸ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦੇਣ ਲੱਗਾ। ਇਸ ਦੌਰਾਨ ਹੀ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਉਸ ਨੂੰ ਦਬੋਚ ਲਿਆ ਅਤੇ ਨਥਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ। ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਏਐੱਸਆਈ ਗੁਰਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਤੇ ਉਸ ਖ਼ਿਲਾਫ਼ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Posted By: Tejinder Thind