ਸਾਹਿਲ ਗਰਗ, ਬਠਿੰਡਾ : ਬਠਿੰਡਾ ਏਮਜ਼ ’ਚ ਇਨ ਪੇਸ਼ੇਂਟ ਡਿਪਾਰਟਮੈਂਟ (ਆਈਪੀਡੀ) ਸ਼ੁਰੂ ਹੋਣ ਦੀ ਡੈੱਡਲਾਈਨ ਮੁੜ ਪਾਰ ਹੋ ਗਈ। ਇੱਥੇ ਪੰਜ ਅਗਸਤ ਤਕ ਆਈਪੀਡੀ ਸ਼ੁਰੂ ਹੋਣੀ ਸੀ, ਪਰ ਹੁਣ ਇਹ ਤਰੀਕ ਵੀ ਨਿਕਲ ਗਈ। ਆਈਪੀਡੀ ਕਦੋਂ ਸ਼ੁਰੂ ਹੋਵੇਗੀ, ਇਸ ਨੂੰ ਲੈ ਕੇ ਸਥਿਤੀ ਵੀ ਸਪਸ਼ਟ ਨਹੀਂ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ’ਚ ਆਈਪੀਡੀ ਨੂੰ ਸ਼ੁਰੂ ਕਰਨ ਦੀ ਯੋਜਨਾ ਸੀ। ਇਹੀ ਨਹੀਂ, ਏਮਜ਼ ’ਚ ਆਈਪੀਡੀ ਸ਼ੁਰੂ ਨਾ ਹੋਣ ਕਾਰਨ ਪੀਜੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਜੂਨੀਅਰ ਡਾਕਟਰ ਮੰਨਿਆ ਗਿਆ ਸੀ ਕਿਉਂਕਿ ਇਸਦੇ ਲਈ ਸੰਸਥਾਨ ’ਚ ਆਈਪੀਡੀ ਤੇ ਆਪਰੇਸ਼ਨ ਥੀਏਟਰ (ਓਟੀ) ’ਚ ਸੇਵਾਵਾਂ ਦੇਣੀਆਂ ਜ਼ਰੂਰੀ ਹਨ। ਹਾਲਾਂਕਿ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਸੰਸਥਾਨ ਨੇ ਨੋਟਿਸ ਵਾਪਸ ਲੈ ਲਿਆ ਸੀ।

ਏਮਜ਼ ’ਚ 750 ਬੈੱਡਾਂ ਦੀ ਸਹੂਲਤ ਹੈ, ਪਰ ਆਈਪੀਡੀ ਦੇ ਸ਼ੁਰੂ ਨਾ ਹੋਣ ਨਾਲ ਇੱਥੇ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਇੱਥੇ ਓਪੀਡੀ ਹਰ ਰੋਜ਼ 1500 ਦੇ ਪਾਰ ਹੋ ਗਈ ਹੈ। ਆਈਪੀਡੀ ਨੂੰ ਹਾਲੇ ਵੀ ਟ੍ਰਾਇਲ ਬੇਸ ’ਤੇ ਹੀ ਚਲਾਇਆ ਜਾ ਰਿਹਾ ਹੈ। ਇਸਦੇ ਲਈ ਵੱਖ-ਵੱਖ ਵਿਭਾਗਾਂ ਕੋਲ ਸਿਰਫ਼ 100 ਬੈੱਡ ਹੀ ਰਿਜ਼ਰਵ ਹਨ। ਹਾਲਾਤ ਤਾਂ ਇਹ ਹਨ ਕਿ ਜੇਕਰ ਕਿਸੇ ਮਰੀਜ਼ ਨੂੰ ਐਮਰਜੈਂਸੀ ’ਚ ਆਪਰੇਸ਼ਨ ਦੀ ਲੋੜ ਪੈਂਦੀ ਹੈ ਤਾਂ ਉਸਦੇ ਲਈ ਕੋਈ ਸਹੂਲਤ ਨਹੀਂ ਹੈ। ਦੂਜੇ ਪਾਸੇ ਆਪਰੇਸ਼ਨ ਲਈ ਮਰੀਜ਼ ਨੂੰ ਘੱਟੋ ਘੱਟ ਇਕ ਮਹੀਨੇ ਬਾਅਦ ਦਾ ਸਮਾਂ ਮਿਲ ਰਿਹਾ ਹੈ। ਆਰਥੋ ਦਾ ਇਲਾਜ ਕਰਵਾਉਣ ਲਈ ਆਈ ਔਰਤ ਕਿਰਨ ਕੁਮਾਰੀ ਨੇ ਦੱਸਿਆ ਕਿ ਉਸ ਨੇ ਆਪਣੀ ਬਾਂਹ ਦਾ ਆਪਰੇਸ਼ਨ ਕਰਵਾਉਣਾ ਹੈ, ਪਰ ਉਸ ਨੂੰ 20 ਦਿਨ ਬਾਅਦ ਦਾ ਸਮਾਂ ਦਿੱਤਾ ਗਿਆ ਹੈ। ਕਿਰਨ ਨੇ ਕਿਹਾ ਕਿ ਉਸ ਨੂੰ ਦਰਦ ਜ਼ਿਆਦਾ ਹੈ। ਉਹ 20 ਦਿਨ ਉਡੀਕ ਨਹੀਂ ਕਰ ਸਕਦੀ। ਉੱਥੇ, ਏਮਜ਼ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਆਈਪੀਡੀ ਨੂੰ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਮਰੀਜ਼ਾਂ ਨੂੰ ਇੱਥੇ ਹਰ ਤਰ੍ਹਾਂ ਦੇ ਇਲਾਜ ਦੀ ਸਹੂਲਤ ਮਿਲੇਗੀ। ਏਮਜ਼ ਦੇ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਆਈਪੀਡੀ ਸ਼ੁਰੂ ਕਰਨ ਨੂੰ ਲੈ ਕੈ ਤਿਆਰੀ ਹੋ ਚੁੱਕੀ ਹੈ। ਇਸ ਨੂੰ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।

ਐੱਮਆਈਆਰ ਲਈ ਇਕ ਮਹੀਨਾ ਤੇ ਸੀਟੀ ਸਕੈਨ ਲਈ 20 ਦਿਨ ਦਾ ਸਮਾਂ ਦਿੱਤਾ ਜਾ ਰਿਹੈ

ਏਮਜ਼ ’ਚ ਇੰਨੀ ਜ਼ਿਆਦਾ ਗਿਣਤੀ ’ਚ ਲੋਕ ਇਲਾਜ ਕਰਵਾਉਣ ਪਹੁੰਚ ਰਹੇ ਹਨ ਕਿ ਉਨ੍ਹਾਂ ਨੂੰ ਜਿੱਥੇ ਓਪੀਡੀ ’ਚ ਚੈਕਅਪ ਕਰਵਾਉਣ ਲਈ ਘੰਟਿਆਂ ਤਕ ਉਡੀਕ ਕਰਨੀ ਪੈਂਦੀ ਹੈ। ਉੱਥੇ, ਆਪ੍ਰੇਸ਼ਨ ਤੋਂ ਇਲਾਵਾ ਐੱਮਆਰਆਈ ਲਈ ਘੱਟੋ ਘੱਟ ਇਕ ਮਹੀਨਾ ਤਾਂ ਸੀਟੀ ਸਕੈਨ ਲਈ 15 ਤੋਂ 20 ਦਿਨ ਦਾ ਸਮਾਂ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਏਮਜ਼ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇੱਥੇ ਇਕ ਦਿਨ ’ਚ ਸਿਰਫ਼ 35 ਐੱਮਆਰਆਈ ਹੁੰਦੀਆਂ ਹਨ। ਮਰੀਜ਼ਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਜਿਸ ਕਾਰਨ ਸਮੱਸਿਆ ਆ ਰਹੀ ਹੈ। ਸਾਰੀਆਂ ਸਹੂਲਤਾਂ ਸ਼ੁਰੂ ਹੋਣ ਤੋਂ ਬਾਅਦ ਹੌਲੀ-ਹੌਲੀ ਸਿਸਟਮ ਸਹੀ ਹੋ ਜਾਵੇਗਾ।

Posted By: Shubham Kumar