ਪੱਤਰ ਪੇ੍ਰਕ, ਤਲਵੰਡੀ ਸਾਬੋ : ਪਾਕਿਸਤਾਨ 'ਚ ਰਹਿ ਗਏ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਕੌਮ ਦੇਸ਼ ਵੰਡ ਦੇ ਸਮੇਂ ਤੋਂ ਹੀ ਅਰਦਾਸ ਕਰਦੀ ਰਹੀ ਹੈ ਤੇ ਹੁਣ ਜਦੋਂ ਗੁਰੂ ਸਾਹਿਬ ਦੀ ਮਿਹਰ ਤੇ ਸੰਗਤ ਦੀਆਂ ਅਰਦਾਸਾਂ ਸਦਕਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਤਾਂ 24 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਵਾਲੇ ਦਿਨ ਵੀ 'ਅਰਦਾਸ ਦਿਵਸ' ਮਨਾਇਆ ਜਾ ਰਿਹਾ ਹੈ ਜਿਸ 'ਚ ਵੱਧ ਤੋਂ ਵੱਧ ਸਿੱਖ ਸੰਗਤਾਂ ਸ਼ਮੂਲੀਅਤ ਕਰਨ। ਉਕਤ ਅਪੀਲ ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇ. ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤੀ।

ਜਥੇ. ਦਾਦੂਵਾਲ ਨੇ ਦੱਸਿਆ ਕਿ 24 ਸਤੰਬਰ ਨੂੰ ਪਹਿਲਾਂ ਡੇਰਾ ਬਾਬਾ ਨਾਨਕ ਦਾਣਾ ਮੰਡੀ 'ਚ ਕਥਾ ਕੀਰਤਨ ਹੋਵੇਗਾ ਫਿਰ ਉੱਥੋਂ ਚੱਲ ਕੇ ਕਰਤਾਰਪੁਰ ਸਾਹਿਬ ਲਾਂਘੇ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ 'ਚੋਂ ਬਾਬਾ ਸਰਬਜੋਤ ਸਿੰਘ ਬੇਦੀ ਮੁੱਖ ਸੇਵਾਦਾਰ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਭਾ ਵੱਲੋਂ ਕਰਵਾਏ ਜਾਣ ਵਾਲੇ 'ਅਰਦਾਸ ਦਿਵਸ' 'ਚ ਹਾਜ਼ਰੀ ਭਰਨਗੀਆਂ। ਉਨ੍ਹਾਂ ਕਿਹਾ ਕਿ ਅਰਦਾਸ ਦਿਵਸ ਮੌਕੇ ਸੰਗਤ ਦੀ ਅਰਦਾਸ ਹੋਵੇਗੀ ਕਿ ਕਰਤਾਰਪੁਰ ਸਾਹਿਬ ਲਾਂਘੇ 'ਚ ਕੋਈ ਰੁਕਾਵਟ ਨਾ ਆਵੇ, 550 ਸਾਲਾ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਲਾਂਘਾ ਖੁੱਲ੍ਹ ਜਾਵੇ ਤੇ ਸੰਗਤ ਪਾਵਨ ਗੁਰਧਾਮ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣ। ਜਥੇ. ਦਾਦੂਵਾਲ ਨੇ ਕਿਹਾ ਕਿ ਜਿੱਥੇ ਪਾਕਿਸਤਾਨ ਸਰਕਾਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸੰਗਤ ਤੇ ਕਿਸੇ ਕਿਸਮ ਦਾ ਟੈਕਸ ਨਹੀਂ ਲਾਉਣਾ ਚਾਹੀਦਾ ਉੱਥੇ ਭਾਰਤ ਸਰਕਾਰ ਵੀ ਦੇਸ਼ਾਂ ਵਿਦੇਸ਼ਾਂ ਤੋਂ ਇਸ ਪਵਿੱਤਰ ਗੁਰਧਾਮ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਤੋਂ ਵੀਜ਼ਾ ਫੀਸ ਨਾ ਵਸੂਲੇ। ਉਨ੍ਹਾਂ ਨੇ ਸਮੂਹ ਧਾਰਮਿਕ ਜਥੇਬੰਦੀਆਂ, ਸੰਪਰਦਾਵਾਂ, ਸਿੱਖ ਆਗੂਆਂ ਤੇ ਸੰਗਤ ਨੂੰ ਅਪੀਲ ਕੀਤੀ ਕਿ 24 ਸਤੰਬਰ ਦੇ 'ਅਰਦਾਸ ਦਿਵਸ' 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ।