ਤਲਵੰਡੀ ਸਾਬੋ , ਹਰਭਜਨ ਸਿੰਘ ਖ਼ਾਲਸਾ : ਪੰਜਾਬ ਨੂੰ ਅਸਥਿਰ ਕਰਨ ਦਾ ਯਤਨ ਕੀਤਾ ਜਾ ਰਿਹੈ ਅਤੇ ਇਸ ਕਿਸਮ ਦੀ ਘਟੀਆ ਰਾਜਨੀਤੀ ਤਿੰਨ ਦਹਾਕੇ ਪਹਿਲਾਂ ਉਸ ਸਮੇਂ ਦੀ ਸੂਬਾ ਅਤੇ ਕੇਂਦਰ ਸਰਕਾਰ ਨੇ ਮਿਲਕੇ ਖੇਡੀ ਸੀ ਜਿਸਦਾ ਸਿੱਖਾਂ ਅਤੇ ਪੰਜਾਬ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਉਸੇ ਕਿਸਮ ਦੀ ਖੇਡ ਹੁਣ ਕਿਤੇ ਨਾ ਕਿਤੇ ਫਿਰ ਖੇਡੀ ਜਾ ਰਹੀ ਹੈ ਆਪਣੀ ਗੰਦੀ ਰਾਜਨੀਤੀ ਨੂੰ ਚਮਕਾਉਣ ਅਤੇ ਪੰਜਾਬ ਨੂੰ ਨੁਕਸਾਣ ਪਹੁੰਚਾਉਣ ਵਾਸਤੇ।

ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਪ੍ਰਤੀਕਰਮ ਦਿੰਦਿਆਂ ਕੀਤਾ।

ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਸਾਡੀ ਜਾਣਕਾਰੀ ਵਿੱਚ ਆਇਆ ਹੈ ਕਿ ਸੂਬੇ ਵਿੱਚੋਂ 16-17 ਸਾਲ੍ਹ ਦੀ ਉਮਰ ਦੇ ਸਿੱਖ ਨੌਜਵਾਨ ਵੀ ਨਾਜ਼ਾਇਜ ਹਿਰਾਸਤ ਵਿੱਚ ਲਏ ਜਾ ਰਹੇ ਹਨ ਜੋ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਇਸ ਲਈ ਇਸਨੂੰ ਸਥਿਰ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਪੰਜਾਬ ਨੂੰ ਸਥਿਰ ਰੱਖਣਾ ਹੈ ਤਾਂ ਸਿੱਖਾਂ ਨਾਲ ਬੈਠਕੇ ਗੱਲਬਾਤ ਕਰਨੀ ਹੋਵੇਗੀ ਅਤੇ ਸਿੱਖ ਮਸਲੇ ਹੱਲ ਕਰਨੇ ਪੈਣਗੇ। ਸਿੰਘ ਸਾਹਿਬ ਮੁਤਾਬਿਕ, ਅਜਿਹੀ ਦਹਿਸ਼ਤ ਸਿਰਜ ਕੇ ਨਾ ਪੰਜਾਬ ਸ਼ਾਂਤ ਰਹਿ ਸਕਦਾ ਹੈ ਅਤੇ ਨਾ ਹੀ ਭਾਰਤ। ਇਸ ਲਈ ਜੇਕਰ ਸਰਕਾਰਾਂ ਚਾਹੁੰਦੀਆਂ ਹਨ ਕਿ ਉਕਤ ਖਿੱਤਾ ਸ਼ਾਂਤ ਰਹੇ ਤਾਂ ਮੌਜੂਦਾ ਕਿਸਮ ਦੀਆਂ ਗੰਦੀਆਂ ਰਾਜਨੀਤੀਆਂ ਖੇਡਣ ਤੋਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਗੁਰੇਜ਼ ਕਰਨਾ ਚਾਹੀਦੈ ਅਤੇ ਮਿਲ ਬੈਠ ਕੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ। ਸਿੰਘ ਸਾਹਿਬ ਨੇ ਜਿੱਥੇ ਇਹ ਕਿਹਾ ਕਿ ਸਿੱਖ ਨੌਜਵਾਨਾਂ ਦੀ ਨਾਜ਼ਾਇਜ ਫੜੋ ਫੜੀ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਮਾਪੇ ਬੜੇ ਚਿੰਤਿਤ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਪੰਜਾਬ ਅੰਦਰ ਚੱਲ ਰਹੇ ਘਟਨਾਕ੍ਰਮ ਬਾਰੇ ਪੂਰੀ ਸਥਿੱਤੀ ਸਪੱਸ਼ਟ ਕਰਨ ਲਈ ਵੀ ਕਿਹਾ।

Posted By: Jagjit Singh