ਹਰਭਜਨ ਸਿੰਘ ਖ਼ਾਲਸਾ, ਤਲਵੰਡੀ ਸਾਬੋ

ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਗੁੰਮ ਹੋਏ ਸਰੂਪਾਂ ਬਾਰੇ ਜਾਣਕਾਰੀ ਲੈਣ ਲਈ ਗਏ ਸਿੰਘਾਂ ਉੱਪਰ ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਹਮਲਾ ਕੀਤਾ ਤੇ ਬਾਣੇ ਫਰਲੇ ਵਾਲੇ ਨਿਹੰਗ ਸਿੰਘ ਦੀ ਬੇਅਬਦੀ ਕਰਨਾ ਬੇਹੱਦ ਮਾੜਾ ਰਵੱਈਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਤਪ ਅਸਥਾਨ ਮਾਤਾ ਸਾਹਿਬ ਦੇਵਾਂ ਜੀ ਸ੍ਰੀ ਹਜੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਤੇਜਾ ਸਿੰਘ ਨੇ ਫੋਨ 'ਤੇ ਗੱਲ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਦੇਸ਼ ਤੇ ਪਰਦੇਸਾਂ ਦੀਆਂ ਸਿੱਖ ਸੰਗਤਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਸਾਡੇ ਧਾਰਮਿਕ ਅਸਥਾਨਾਂ ਦੀ ਸਾਂਭ ਸੰਭਾਲ ਲਈ ਬਣੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੈਂਬਰ ਤੇ ਮੁਲਾਜ਼ਮਾਂ ਨੇ ਹੀ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਸਰੂਪਾਂ ਦੇ ਦੇਣ ਲੈਣ ਵਿਚ ਘਪਲਾ ਕੀਤਾ ਹੈ। ਇਨ੍ਹਾਂ ਨੇ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਨਾਲ ਨਾਲ ਸਿੱਖ ਕੌਮ ਨਾਲ ਧੋਖਾ ਕੀਤਾ ਹੈ, ਜਿਸ ਦੀ ਸਜ਼ਾ ਇਨ੍ਹਾਂ ਨੂੰ ਭੁਗਤਣੀ ਪਵੇਗੀ। ਬਾਬਾ ਤੇਜਾ ਸਿੰਘ ਜੀ ਨੇ ਕਿਹਾ ਕਿ ਸਿੱਖ ਸੰਗਤਾਂ ਵੱਲੋਂ ਲਾਏ ਮੋਰਚੇ ਦੀ ਹਮਾਇਤ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਇਹ ਮੋਰਚਾ ਸਫਲ ਹੋਵੇ। ਇਸ ਸਮੇਂ ਭਾਈ ਗੁਲਾਬ ਸਿੰਘ, ਬਾਬਾ ਖੜਕ ਸਿੰਘ, ਗੁਰਮੀਤ ਸਿੰਘ ਬੇਦੀ, ਹਰਜਿੰਦਰ ਸਿੰਘ, ਜੋਗਿੰਦਰ ਸਿੰਘ ਇੰਦੋਰ, ਸਕਤੀ ਸਿੰਘ, ਹਰਜੀਤ ਸਿੰਘ ਆਦਿ ਸਿੰਘ ਹਾਜ਼ਰ ਸਨ।