ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੁਲਿਸ ਵੱਲੋਂ ਕਿਸ ਤਰ੍ਹਾਂ ਲੋਕਾਂ 'ਤੇ ਥਰਡ ਡਿਗਰੀ ਤਸ਼ੱਦਦ ਦੇ ਨਾਲ-ਨਾਲ ਕਿਸ ਤਰ੍ਹਾਂ ਫ਼ਰਜ਼ੀ ਮਾਮਲੇ ਦਰਜ ਕੀਤੇ ਜਾ ਰਹੇ ਹਨ, ਇਸਦਾ ਖੁਲਾਸਾ ਥਾਣਾ ਸਦਰ ਰਾਮਪੁਰਾ ਫੂਲ ਦੇ ਐੱਸਐੱਚਓ ਭੁਪਿੰਦਰ ਸਿੰਘ ਦੀ ਲੀਕ ਹੋਈ ਆਡੀਓ ਤੋਂ ਹੋਇਆ ਹੈ। ਇਸ ਆਡੀਓ ਵਿਚ ਐੱਸਐੱਚਓ ਕਿਸੇ ਵਿਅਕਤੀ ਨੂੰ ਥਰਡ ਡਿਗਰੀ ਤਸ਼ੱਦਦ ਕਰਨ ਦੇ ਨਾਲ ਨਾਲ ਨਸ਼ੀਲੀਆਂ ਗੋਲ਼ੀਆਂ ਦਾ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਜਦੋਂ ਕਿ ਪਿਛਲੇ 24 ਘੰਟਿਆਂ ਵਿਚ ਥਾਣਾ ਸਦਰ ਰਾਮਪੁਰਾ ਪੁਲਿਸ ਨੇ ਕਿਸੇ ਵਿਅਕਤੀ ਖਿਲਾਫ਼ ਕੋਈ ਵੀ ਕੇਸ ਦਰਜ ਨਹੀਂ ਕੀਤਾ। ਇਸ ਤੋਂ ਇਹ ਗੱਲ ਵੀ ਜਾਹਿਰ ਹੁੰਦੀ ਹੈ ਕਿ ਥਾਣਾ ਸਦਰ ਦੀ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਨਾਜਾਇਜ਼ ਹਿਰਾਸਤ 'ਚ ਰੱਖਿਆ ਹੋ ਸਕਦਾ ਹੈ। ਐੱਸਐੱਚਓ ਦੀ ਆਡੀਓ ਲੀਕ ਹੋਣ ਬਾਅਦ ਪੁਲਿਸ ਵਿਭਾਗ ਵਿਚ ਹੜਕੰਪ ਮਚਿਆ ਹੋਇਆ ਹੈ। ਲੀਕ ਹੋਈ ਆਡੀਓ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਥਾਣਿਆਂ ਅੰਦਰ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ।

---------

ਐਸਐਚਓ ਤੋਂ ਖੁਦ ਹੀ ਲੀਕ ਹੋਈ ਆਡੀਓ

ਕਿਸੇ ਵਿਅਕਤੀ ਨੂੰ ਧਮਕੀਆਂ ਦੇਣ ਦਾ ਇਹ ਆਡੀਓ ਕਿਸੇ ਹੋਰ ਨੇ ਲੀਕ ਨਹੀਂ ਕੀਤਾ ਸਗੋਂ ਖੁਦ ਐੱਸਐੱਚਓ ਤੋਂ ਹੀ ਇਹ ਆਡੀਓ ਵਾਇਰਲ ਹੋ ਗਈ। ਆਡੀਓ 'ਚ ਸੁਣਾਈ ਦੇਣ ਵਾਲੀਆਂ ਆਵਾਜ਼ਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਐੱਸਐੱਚਓ ਭੁਪਿੰਦਰ ਸਿੰਘ ਹੋਰਨਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਕਿਸੇ ਮਾਮਲੇ ਵਿਚ ਫੜ੍ਹੇ ਗਏ ਵਿਅਕਤੀ ਨੂੰ ਥਰਡ ਡਿਗਰੀ ਤਸ਼ੱਦਦ ਕਰ ਰਹੇ ਹਨ। ਆਡੀਓ ਵਿਚ ਐੱਸਐੱਚਓ ਉਕਤ ਵਿਅਕਤੀ ਖਿਲਾਫ਼ ਨਸ਼ੀਲੀਆਂ ਗੋਲੀਆਂ ਦਾ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਪੈਟਰੋਲ ਦਾ ਪਊਆ ਮੰਗਵਾ ਰਹੇ ਹਨ। ਐੱਸਐੱਚਓ ਆਡੀਓ 'ਚ ਕਹਿ ਰਿਹਾ ਹੈ ਪੈਟਰੋਲ ਦਾ ਪਊਆ ਭਰ ਕੇ ਲਿਆ, ਦੇਖੀ ਜ਼ਿੰਦਗੀ ਭਰ ਯਾਦ ਰੱਖੂ ਕਿ ਵਾਹ ਪਿਆ ਸੀ।

---------

ਇਕ ਦੀ ਮੰਗ ਕਰ ਰਹੇ ਹਨ

ਲੀਕ ਹੋਈ ਆਡੀਓ ਵਿਚ ਪੁਲਿਸ ਮੁਲਾਜ਼ਮ ਬੋਲ ਰਹੇ ਹਨ ਕਿ ਫੋਨ ਆਇਆ ਸੀ। ਇਕ ਦੀ ਮੰਗ ਕਰ ਰਹੇ ਹਨ। ਪਰ ਇਸਨੇ ਕੋਈ ਜਵਾਬ ਨਹੀਂ ਦਿੱਤਾ। ਇਸ ਆਡੀਓ ਵਿਚ ਇਸ ਸਪੱਸ਼ਟ ਨਹੀਂ ਹੋ ਸਕਿਆ ਕਿ ਫੋਨ ਕਿਸਦਾ ਆਇਆ ਸੀ ਅਤੇ ਇਕ ਕੀ ਮੰਗਿਆ ਗਿਆ ਹੈ। ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।

-----------

ਮੈਂ ਕੋਈ ਤਸ਼ੱਦਦ ਨਹੀਂ ਕੀਤਾ : ਐਸਐਚਓ

ਥਾਣਾ ਸਦਰ ਰਾਮੁਪਰਾ ਦੇ ਐੱਸਐੱਚਓ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਸੇ ਵਿਅਕਤੀ 'ਤੇ ਕੋਈ ਤਸ਼ੱਦਦ ਨਹੀਂ ਕੀਤਾ। ਇਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਪੈਟਰੋਲ ਦਾ ਪਊਆ ਮੰਗਵਾਉਣ ਦੇ ਸਵਾਲ ਨੂੰ ਟਾਲਦਿਆਂ ਉਨ੍ਹਾਂ ਕਿਹਾ ਕਿ ਗੱਡੀ 'ਚ ਪੈਟਰੋਲ ਪਵਾਉਣ ਦੀ ਗੱਲ ਚੱਲ ਰਹੀ ਸੀ।

---------

ਥਰਡ ਡਿਗਰੀ ਵਾਲੀ ਕੋਈ ਗੱਲ ਨਹੀਂ : ਐੱਸਐੱਸਪੀ

ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਨੇ ਕਿਹਾ ਕਿ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਸ਼ਰਾਬ ਦੇ ਮਾਮਲੇ 'ਚ ਹਿਰਾਸਤ ਵਿਚ ਲਿਆ ਸੀ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਥਰਡ ਡਿਗਰੀ ਵਾਲੀ ਕੋਈ ਗੱਲ ਨਹੀਂ ਹੈ।