ਦੀਪਕ ਸ਼ਰਮਾ, ਬਠਿੰਡਾ : ਬਠਿੰਡਾ ਬਾਦਲ ਰੋਡ ’ਤੇ ਲਾਡਲੀ ਧੀ ਚੌਕ ਦੇ ਕੋਲ ਇਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਅਸਲੇ ਦੇ ਜ਼ੋਰ ’ਤੇ ਚਾਂਦੀ ਦੀ ਚੇਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਪੰਜ ਵਿਅਕਤੀਆਂ ਅਤੇ ਸਤਾਰਾਂ ਅਣਪਛਾਤਿਆਂ ਖ਼ਿਲਾਫ਼ ਕੁੱਟਮਾਰ ਕਰਕੇ ਲੁੱਟਖੋਹ ਕਰਨ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਕੈਨਾਲ ਕਲੋਨੀ ਦੇ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਲਾਲ ਸਿੰਘ ਵਾਸੀ ਨਰੂਆਣਾ ਨੇ ਸ਼ਿਕਾਇਤ ਦਰਜ ਕਰਾਈ ਹੈ ਉਹ ਲਾਡਲੀ ਧੀ ਚੌਕ ਕੋਲ ਜਾ ਰਿਹਾ ਸੀ। ਇਸ ਦੌਰਾਨ ਸੰਮੀ ਵਾਸੀ ਤਰਖਾਣ ਵਾਲਾ , ਕਾਲਾ ਤਰਖਾਣ ਵਾਸੀ ਰਾਮਾ ਮੰਡੀ, ਮਨਜੀਤ ਸਿੰਘ ਵਾਸੀ ਰਾਮਾ ਪਿੰਡ ,ਬਲਜਿੰਦਰ ਸਿੰਘ ,ਗੁਰਦਾਸ ਸਿੰਘ ਵਾਸੀ ਨਰੂਆਣਾ ਅਤੇ ਪੰਦਰਾਂ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਸਲਾ ਵਿਖਾ ਕੇ ਚਾਂਦੀ ਦੀ ਚੇਨ ਖੋਹ ਲਈ ’ ਤੇ ਮੌਕੇ ਤੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਕਤ ਵਿਅਕਤੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।

Posted By: Ramanjit Kaur