ਪੱਤਰ ਪੇ੍ਰਰਕ, ਬਠਿੰਡਾ : ਭਾਗੂ ਰੋਡ 'ਤੇ ਸਥਿਤ ਇਕ ਚੈਰੀਟੇਬਲ ਹਸਪਤਾਲ ਦੇ ਬਾਹਰ ਕੁਝ ਲੋਕਾਂ ਨੇ ਇਕ ਨਾਬਾਲਿਗ ਬੱਚੀ ਨੂੰ ਹਸਪਤਾਲ ਤੋਂ ਚੋਰੀ ਕਰਨ ਦੇ ਦੋਸ਼ ਵਿਚ ਫੜ ਕੇ ਬੁਰੀ ਤਰਾਂ੍ਹ ਨਾਲ ਕੁੱਟਿਆ। ਇਸ ਤੋਂ ਇਲਾਵਾ ਅੌਰਤਾਂ ਅਤੇ ਮਰਦਾਂ ਨੇ ਨਾਬਾਲਿਗ ਬੱਚੀ ਦੇ ਵਾਲ ਪੁੱਟ ਕੇ ਉਸ ਨੂੰ ਜ਼ਮੀਨ 'ਤੇ ਘੜੀਸਣ ਤੋਂ ਬਾਅਦ ਉਸ ਦੇ ਹੱਥ ਬੰਨ੍ਹ ਦਿੱਤੇ ਅਤੇ ਬਾਅਦ ਵਿਚ ਪੁਲੀਸ ਦੇ ਹਵਾਲੇ ਕਰ ਦਿੱਤਾ ਪਰ ਪੁਲੀਸ ਵੱਲੋਂ ਕੀਤੀ ਗਈ ਜਾਂਚ ਵਿਚ ਬੱਚੀ ਤੋਂ ਕੋਈ ਚੋਰੀ ਦਾ ਸਾਮਾਨ ਨਹੀਂ ਮਿਲਿਆ, ਜਿਸ ਤੋਂ ਬਾਅਦ ਬੱਚੀ ਨੂੰ ਛੱਡ ਦਿੱਤਾ ਗਿਆ। ਇਸ ਤੋਂ ਇਲਾਵਾ ਮਾਰਕੁੱਟ ਕਰਨ ਵਾਲਿਆਂ ਨੇ ਬੱਚੀ ਦਾ ਇਕ ਵੀਡੀਓ ਵੀ ਬਣਾਇਆ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਸਿਵਲ ਲਾਈਨ ਪੁਲੀਸ ਦੇ ਐਸਐਚਓ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਬੱਚੀ ਕੋਲ ਕੋਈ ਚੋਰੀ ਦਾ ਸਾਮਾਨ ਨਹੀਂ ਮਿਲਿਆ। ਬੱਚੀ ਨਾਬਾਲਿਗ ਹੈ, ਉਸ ਨੂੰ ਛੱਡ ਦਿੱਤਾ ਗਿਆ ਹੈ, ਜਿਨਾਂ੍ਹ ਲੋਕਾਂ ਨੇ ਉਸਦੇ ਨਾਲ ਮਾਰਕੁੱਟ ਕੀਤੀ ਹੈ, ਉਨਾਂ੍ਹ ਖਿਲਾਫ ਕਾਰਵਾਈ ਕੀਤੀ ਜਾਵੇਗੀ।