ਦੀਪਕ ਸ਼ਰਮਾ, ਬਠਿੰਡਾ : ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਪਾਰਕ ਨਸ਼ੇੜੀਆਂ ਦੇ ਅੱਡੇ ਬਣ ਚੁੱਕੇ ਹਨ। ਉਕਤ ਪਾਰਕਾਂ ਅਤੇ ਖਾਲੀ ਪਲਾਟਾਂ ਵਿਚ ਨਸ਼ੇੜੀ ਕਿਸਮ ਦੇ ਨੌਜਵਾਨ ਸ਼ਰ੍ਹੇਆਮ ਨਸ਼ੇ ਦੇ ਟੀਕੇ ਲਾਉਂਦੇ ਦੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਇਨਾਂ੍ਹ ਪਾਰਕਾਂ ਵਿਚੋਂ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨ 'ਤੇ ਇਹ ਪਾਰਕ ਨਸ਼ੇੜੀਆਂ ਲਈ ਸਵਰਗ ਬਣ ਚੁੱਕੇ ਹਨ। ਇੱਕਾ ਦੁੱਕਾ ਮਾਮਲਿਆਂ ਨੂੰ ਛੱਡ ਕੇ ਪੁਲਿਸ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਮਾਡਲ ਟਾਊਨ ਵਿਚ ਸਥਿਤ ਇਕ ਨਿੱਜੀ ਸਕੂਲ ਦੇ ਬਾਹਰ ਝਾੜੀਆਂ ਵਿਚ ਇਕ ਨੌਜਵਾਨ ਨਸ਼ੇ ਦੀ ਹਾਲਤ ਵਿਚ ਬੇਸੁੱਧ ਪਿਆ ਸੀ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਮੈਂਬਰ ਸੰਦੀਪ ਗਿੱਲ ਨੇ ਮੌਕੇ 'ਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉਕਤ ਨੌਜਵਾਨ ਕੋਲੋਂ ਚਿੱਟਾ, ਟੀਕਾ, ਲਾਈਟਰ ਅਤੇ ਇਕ ਟੀਕੇ ਦੀ ਸ਼ੀਸ਼ੀ ਮਿਲੀ ਹੈ। ਉਕਤ ਨੌਜਵਾਨ ਨੇ ਦੱਸਿਆ ਕਿ ਉਹ ਪਾਰਕ ਵਿਚ ਆਪਣੇ ਇਕ ਦੋਸਤ ਨਾਲ ਬੈਠ ਕੇ ਨਸ਼ਾ ਕਰ ਰਿਹਾ ਸੀ ਤੇ ਨਸ਼ੇ ਦੀ ਦੂਸਰੀ ਡੋਜ਼ ਲੈਣ ਲੱਗਿਆ ਤਾਂ ਉਹ ਬੇਹੋਸ਼ ਹੋ ਗਿਆ। ਪੀੜਤ ਅਨੁਸਾਰ ਇਸ ਦੌਰਾਨ ਉਸਦਾ ਦੋਸਤ ਉਸ ਨੂੰ ਛੱਡ ਕੇ ਭੱਜ ਗਿਆ। ਇਸੇ ਤਰਾਂ੍ਹ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਸਾਫ਼ ਦਿਸ ਰਿਹਾ ਸੀ ਕਿ ਦੋ ਨੌਜਵਾਨ ਪਾਰਕ ਵਿਚ ਬੈਠ ਕੇ ਨਸ਼ੇ ਦੇ ਟੀਕੇ ਲਾ ਰਹੇ ਹਨ। ਜ਼ਿਕਰਯੋਗ ਹੈ ਕਿ ਉਕਤ ਪਾਰਕ ਮਾਡਲ ਟਾਊਨ ਦੀ ਮੁੱਖ ਸੜਕ ਦੇ ਨਾਲ ਲੱਗਦਾ ਹੈ। ਇਸ ਦੇ ਬਾਵਜੂਦ ਇਹ ਪਾਰਕ ਅਤੇ ਇਸ ਦੇ ਨਾਲ ਸੁੰਨੀ ਪਈ ਮਾਰਕੀਟ ਨਸ਼ੇੜੀਆਂ ਦਾ ਮਨ ਭਾਉਂਦਾ ਸਥਾਨ ਬਣ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਇਸ ਪਾਰਕ ਦੇ ਨਾਲ ਲਗਦੀ ਮਾਰਕੀਟ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਨਸ਼ਾ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਸੀ। ਇਸਦੇ ਬਾਵਜੂਦ ਨਸ਼ੇੜੀਆਂ ਦਾ ਇੱਥੇ ਆਉਣਾ ਜਾਣਾ ਬੰਦ ਨਹੀਂ ਹੋਇਆ।