ਤਲਵੰਡੀ ਸਾਬੋ (ਹਰਭਜਨ ਸਿੰਘ ਖਾਲਸਾ) : ਫਿਲਮੀ ਕਲਾਕਾਰ ਅਨੁਪਮ ਖੇਰ ਵੱਲੋਂ ਅੱਜ ਇੱਕ ਵਿਅਕਤੀ ਵਿਸ਼ੇਸ਼ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਤੁਕ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਕੇ ਟਵੀਟ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੰਦਾ ਕਰਦਿਆਂ ਕਿਹਾ ਕਿ ਅਨੁਪਮ ਖੇਰ ਉਕਤ ਮਸਲੇ ਸਬੰਧੀ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗੇ।

ਅੱਜ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੇ ਭਾਈ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਗੁਰਬਾਣੀ ਦੀ ਤੁਕ ਨੂੰ ਤੋੜ ਮਰੋੜ ਕੇ ਪੇਸ਼ ਕਰਨ ਨੂੰ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਖਾਸ ਤੌਰ ਤੇ ਜਦੋਂ ਅਜਿਹੀ ਗਲਤੀ ਜਾਣਬੁੱਝ ਕੇ ਕੀਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਅਨੁਪਮ ਖੇਰ ਜਿੱਥੇ ਇਸ ਸਬੰਧੀ ਸਮੁੱਚੇ ਸਿੱਖ ਜਗਤ ਤੋਂ ਮੁਆਫੀ ਮੰਗੇ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਲਿਖਤੀ ਪੱਤਰ ਭੇਜ ਕੇ ਵੀ ਮੁਆਫੀ ਮੰਗੇ। ਉੱਧਰ ਨਵਾਂਸ਼ਹਿਰ ਜਿਲ੍ਹੇ ਵਿੱਚ ਇੱਕ ਸਿੱਖ ਨੌਜਵਾਨ ਵੱਲੋਂ ਦਸਤਾਰ ਦੀ ਬੇਅਦਬੀ ਦੇ ਸ਼ੋਸਲ ਮੀਡੀਆ ਤੇ ਦੋਸ਼ ਲਗਾਉਣ ਉਪਰੰਤ ਖੁਦਕੁਸ਼ੀ ਕਰ ਲੈਣ ਦੇ ਮਾਮਲੇ ਸਬੰਧੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਤੇ ਪੰਜਾਬ ਸਰਕਾਰ ਨੂੰ ਤੁਰੰਤ ਸਬੰਧਿਤ ਵਿਧਾਇਕ ਤੇ ਧਾਰਾ 302 ਅਧੀਨ ਮਾਮਲਾ ਦਰਜ ਕਰਨਾ ਚਾਹੀਦਾ ਹੈ। ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਣੇ ਬਠਿੰਡਾ ਥਰਮਲ ਪਲਾਂਟ ਨੂੰ ਢਾਹ ਕੇ ਵੇਚਣ ਦੀ ਪੰਜਾਬ ਸਰਕਾਰ ਦੀ ਸਕੀਮ ਤੇ ਵੀ ਇਤਰਾਜ ਉਠਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਨਾਂ 'ਤੇ ਬਣੇ ਥਰਮਲ ਨੂੰ ਢਾਹੁਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੋਵੇਗਾ।

ਇਸ ਮੌਕੇ ਪ੍ਰਧਾਨ ਨਾਲ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਭਾਈ ਜਗਸੀਰ ਸਿੰਘ ਮਾਂਗੇਆਣਾ,ਜਥੇ: ਗੁਰਤੇਜ ਸਿੰਘ ਢੱਡੇ, ਬੀਬੀ ਜੋਗਿੰਦਰ ਕੌਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਪਰਮਜੀਤ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਭੋਲਾ ਸਿੰਘ ਹੀਰੇਵਾਲਾ ਇੰਚਾਰਜ ਧਰਮ ਪ੍ਰਚਾਰ ਸਬ ਆਫਿਸ ਵੀ ਹਾਜ਼ਰ ਸਨ।

Posted By: Susheel Khanna